ਪੀਟੀਆਈ ਅਤੇ ਡਰਾਇੰਗ ਅਧਿਆਪਕ ਅੱਠ ਮਹੀਨਿਆਂ ਤੋਂ ਤਨਖ਼ਾਹਾਂ ਤੋਂ ਵਾਂਝੇ
ਦੇਵਿੰਦਰ ਸਿੰਘ ਜੱਗੀ
ਪਾਇਲ, 27 ਅਕਤੂਬਰ
ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀ ਬੇਰੁਖੀ ਕਾਰਨ ਸੂਬੇ ਭਰ ਦੇ ਸਰਕਾਰੀ ਸਹਾਇਤਾ ਪ੍ਰਾਪਤ ਏਡਿਡ ਸਕੂਲਾਂ ਦੇ ਪੀਟੀਆਈ ਤੇ ਡਰਾਇੰਗ ਅਧਿਆਪਕਾਂ ਲਈ ਤਿਉਹਾਰਾਂ ਦਾ ਸੀਜ਼ਨ ਫਿੱਕਾ ਪੈ ਗਿਆ ਹੈ। ਦਰਅਸਲ, ਇਨ੍ਹਾਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਨੇ ਪਿਛਲੇ 8 ਮਹੀਨਿਆਂ ਤੋਂ ਤਨਖਾਹ ਦੇਣ ਤੋਂ ਵਾਂਝੇ ਰੱਖਿਆ ਹੋਇਆ ਹੈ। ਇਨ੍ਹਾਂ ਅਧਿਆਪਕਾਂ ਨੂੰ ਫਰਵਰੀ 2024 ਤੋਂ ਬਾਅਦ ਤਨਖਾਹਾਂ ਨਾ ਮਿਲਣ ਕਾਰਨ ਸਮੁੱਚੇ ਏਡਿਡ ਸਕੂਲਾਂ ਦੇ ਭਾਈਚਾਰੇ ਵਿੱਚ ਭਾਰੀ ਰੋਸ ਹੈ। ਅਧਿਆਪਕ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਤੇ ਸੂਬਾ ਸਕੱਤਰ ਸ਼ਰਨਜੀਤ ਸਿੰਘ ਕਾਦੀ ਮਾਜਰਾ ਨੇ ਕਿਹਾ ਕਿ ਸਿੱਖਿਆ ਵਿਭਾਗ ਹੁਣ ਤੱਕ ਏਡਿਡ ਸਕੂਲਾਂ ਵਿੱਚ ਕੰਮ ਕਰਦੇ ਸੀ ਐਂਡ ਵੀ ਅਧਿਆਪਕਾਂ ਦੀਆਂ ਤਨਖਾਹਾਂ (ਗਰਾਂਟਾਂ) ਜਾਰੀ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਆਪਣੇ ਪਰਿਵਾਰ ਦਾ ਗੁਜਾਰਾ ਕਰਨ ਲਈ ਇੱਕ ਕਰਮਚਾਰੀ ਨੂੰ ਤਨਖਾਹ ਬਹੁਤ ਜ਼ਰੂਰੀ ਹੈ ਕਿਉਂਕਿ ਕਰਮਚਾਰੀ ਅਤੇ ਉਸ ਦੇ ਪਰਿਵਾਰ ਦੀਆਂ ਰੋਜ਼ਾਨਾ ਦੀਆਂ ਲੋੜਾਂ ਤਨਖਾਹ ਨਾਲ ਹੀ ਪੂਰੀਆਂ ਹੁੰਦੀਆਂ ਹਨ। ਇਸ ਮੌਕੇ ਭੀਮ ਬੇਰ ਨੇ ਕਿਹਾ ਕਿ ਏਡਿਡ ਸਕੂਲਾਂ ਵਿੱਚ ਕੰਮ ਕਰਦੇ ਸੀ ਐਂਡ ਵੀ ਅਧਿਆਪਕਾਂ ਨੂੰ ਲੰਬੇ ਸਮੇਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਇਨ੍ਹਾਂ ਦੀ ਜ਼ਿੰਦਗੀ ਬੇ-ਰੰਗ ਹੋ ਗਈ ਹੈ ਤੇ ਇਨ੍ਹਾਂ ਨੂੰ ਸਮਾਜਿਕ ਤੇ ਪਰਿਵਾਰਕ ਤੌਰ ’ਤੇ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਆਗੂਆਂ ਵੱਲੋਂ ਡੀਪੀਆਈ ਸਾਹਿਬ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਕਈ ਵਾਰੀ ਮੀਟਿੰਗਾਂ ਵੀ ਹੋ ਚੱਕੀਆਂ ਹਨ ਪਰ ਇਸ ਦੇ ਬਾਵਜੂਦ ਵੀ ਤਨਖਾਹਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ।
ਯੂਨੀਅਨ ਵੱਲੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਇਨ੍ਹਾਂ ਅਧਿਆਪਕਾਂ ਦਾ ਮਸਲਾ ਪਹਿਲ ਦੇ ਆਧਾਰ ’ਤੇ ਹੱਲ ਕਰਕੇ ਤਨਖਾਹਾਂ ਜਾਰੀ ਕਰਵਾਈਆਂ ਜਾਣ। ਇਸ ਮੌਕੇ ਹਰਦੀਪ ਸਿੰਘ ਢੀਂਡਸਾ, ਸੁਰਿੰਦਰ ਵਾਲੀਆ, ਜਗਪ੍ਰੀਤ ਸਿੰਘ, ਕੁਲਦੀਪ ਸਿੰਘ ਕੁਰਾਲੀ, ਅਸ਼ੋਕ ਵਡੇਰਾ ਅਤੇ ਰਣਜੀਤ ਸਿੰਘ ਹਾਜ਼ਰ ਸਨ।