ਪੀਟੀ ਊਸ਼ਾ ਨੇ ਆਈਓਏ ਦੇ ਕਾਰਜਕਾਰੀ ਕਮੇਟੀ ਮੈਂਬਰਾਂ ਦੀ ਆਲੋਚਨਾ ਕੀਤੀ
ਨਵੀਂ ਦਿੱਲੀ, 30 ਸਤੰਬਰ
ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਪ੍ਰਧਾਨ ਪੀਟੀ ਊਸ਼ਾ ਨੇ ਅੱਜ ਇੱਥੇ ਕਿਹਾ ਕਿ ਇਹ ‘ਬੇਹੱਦ ਚਿੰਤਾਜਨਕ’ ਹੈ ਕਿ ਕਾਰਜਕਾਰੀ ਕਮੇਟੀ ਦੇ ਮੈਂਬਰ ਓਲੰਪਿਕ ਤਗ਼ਮਾ ਜੇਤੂਆਂ ਦਾ ਸਨਮਾਨ ਕਰਨ ’ਚ ਨਾਕਾਮ ਰਹੇ। ਉਨ੍ਹਾਂ ਵਿੱਤ ਕਮੇਟੀ ’ਤੇ ਪੈਰਿਸ ਖੇਡਾਂ ਲਈ ਭਾਰਤੀ ਖਿਡਾਰੀਆਂ ਦੀ ਤਿਆਰੀ ਲਈ ਨਿਰਧਾਰਿਤ ਫੰਡ ਜਾਰੀ ਕਰਨ ਤੋਂ ਰੋਕਣ ਦਾ ਦੋਸ਼ ਲਾਇਆ। ਨਿਸ਼ਾਨੇਬਾਜ਼ ਮਨੂ ਭਾਕਰ ਦੇ ਦੋ ਇਤਿਹਾਸਕ ਕਾਂਸੀ ਦੇ ਤਗ਼ਮਿਆਂ ਸਣੇ ਭਾਰਤ ਨੇ ਪੈਰਿਸ ਖੇਡਾਂ ’ਚ ਛੇ ਤਗ਼ਮੇ ਜਿੱਤੇ ਪਰ ਊਸ਼ਾ ਨੇ ਕਿਹਾ ਕਿ ‘ਕਾਰਜਕਾਰੀ ਕਮੇਟੀ ਉਨ੍ਹਾਂ ਦੀ ਸਫ਼ਲਤਾ ਦਾ ਜਸ਼ਨ ਨਹੀਂ ਮਨਾਉਣਾ ਚਾਹੁੰਦੀ’ ਅਤੇ ਇਸ ਤੋਂ ਉਹ ‘ਬੇਹੱਦ ਦੁਖੀ’ ਹਨ। ਊਸ਼ਾ ਨੇ ਬਿਆਨ ਵਿੱਚ ਕਿਹਾ, ‘ਇਨ੍ਹਾਂ ਖਿਡਾਰੀਆਂ ਨੇ ਦੇਸ਼ ਦਾ ਮਾਣ ਵਧਾਇਆ ਹੈ ਅਤੇ ਇਹ ਆਈਓਏ ਦੀ ਜ਼ਿੰਮੇਵਾਰੀ ਹੈ ਕਿ ਉਹ ਉਸ ਸਨਮਾਨ ਨਾਲ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਵੇ ਜਿਸ ਦੇ ਉਹ ਹੱਕਦਾਰ ਹਨ। ਇਹ ਬੇਹੱਦ ਚਿੰਤਾਜਨਕ ਹੈ ਕਿ ਅਗਸਤ ਦੇ ਅੱਧ ’ਚ ਖਿਡਾਰੀਆਂ ਦੇ ਦੇਸ਼ ਪਰਤਣ ਦੇ ਬਾਵਜੂਦ ਕਾਰਜਕਾਰੀ ਕਮੇਟੀ ਇਸ ਬਾਰੇ ਚਰਚਾ ਕਰਨ ਜਾਂ ਸਨਮਾਨ ਸਮਾਰੋਹ ਕਰਵਾਉਣ ਦੀ ਦਿਸ਼ਾ ’ਚ ਕਦਮ ਚੁੱਕਣ ਵਿੱਚ ਨਾਕਾਮ ਰਹੀ ਹੈ।’ ਉਨ੍ਹਾਂ ਖੁਲਾਸਾ ਕੀਤਾ ਕਿ ਓਲੰਪਿਕ ਲਈ ਜਾਣ ਵਾਲੇ ਹਰੇਕ ਖਿਡਾਰੀ ਨੂੰ ਦੋ ਲੱਖ ਰੁਪਏ ਅਤੇ ਹਰੇਕ ਕੋਚ ਨੂੰ ਇੱਕ ਲੱਖ ਰੁਪਏ ਤਿਆਰੀ ਤਿਆਰੀ ਗਰਾਂਟ ਦੇਣ ਦੇ ਪ੍ਰਸਤਾਵ ਨੂੰ ਵਿੱਤ ਕਮੇਟੀ, ਖਾਸ ਤੌਰ ’ਤੇ ਆਈਓਏ ਦੇ ਖ਼ਜ਼ਾਨਚੀ ਸਹਿਦੇਵ ਯਾਦਵ ਨੇ ਰੋਕ ਦਿੱਤਾ ਸੀ। ਸਨਮਾਨ ਸਮਾਰੋਹ ਵਿੱਚ ਆਈਓਏ ਨੇ ਹਰੇਕ ਵਿਅਕਤੀਗਤ ਤਗ਼ਮਾ ਜੇਤੂ ਨੂੰ 50 ਲੱਖ ਰੁਪਏ ਤੋਂ ਇੱਕ ਕਰੋੜ ਰੁਪਏ ਤੱਕ ਦੇ ਇਨਾਮ ਦੇਣ ਦੀ ਯੋਜਨਾ ਬਣਾਈ ਸੀ, ਜਦੋਂ ਕਿ ਕੋਚਾਂ ਨੂੰ 15 ਤੋਂ 25 ਲੱਖ ਰੁਪਏ ਦੇਣ ਦੀ ਯੋਜਨਾ ਸੀ। ਊਸ਼ਾ ਨੇ ਕਿਹਾ, ‘ਇਨ੍ਹਾਂ ਯੋਜਨਾਵਾਂ ਨੂੰ ਲਾਗੂ ਨਾ ਕਰਕੇ ਆਈਓਏ ਉਨ੍ਹਾਂ ਖਿਡਾਰੀਆਂ ਨੂੰ ਨਿਰਾਸ਼ ਕਰ ਰਿਹਾ ਹੈ, ਜਿਨ੍ਹਾਂ ਨੇ ਸਾਡੇ ਦੇਸ਼ ਦਾ ਮਾਣ ਵਧਾਇਆ ਹੈ।’ -ਪੀਟੀਆਈ