ਮਨੋਵਿਗਿਆਨਕ ਕਹਾਣੀਆਂ
ਕੇ.ਐਲ. ਗਰਗ
ਇੱਕ ਪੁਸਤਕ - ਇੱਕ ਨਜ਼ਰ
ਜਿੰਦਰ ਪੰਜਾਬੀ ਕਹਾਣੀ ਨੂੰ ਪ੍ਰਣਾਇਆ ਹੋਇਆ ਕਹਾਣੀਕਾਰ ਹੈ ਜੋ ਕੇਵਲ ਕਹਾਣੀ ਹੀ ਲਿਖਦਾ ਹੈ, ਕਹਾਣੀ ਬਾਰੇ ਹੀ ਸੋਚਦਾ ਹੈ ਤੇ ਕਹਾਣੀ ਨਾਲ ਹੀ ਨਿਭਦਾ ਵੀ ਹੈ। ਉਸ ਨੇ ਵੱਖ-ਵੱਖ ਵਿਸ਼ਿਆਂ, ਸਬੰਧਾਂ ਅਤੇ ਸਰੋਕਾਰਾਂ ਨੂੰ ਲੈ ਕੇ ਕਹਾਣੀਆਂ ਦੀਆਂ ਅਨੇਕਾਂ ਕਿਤਾਬਾਂ ਸੰਪਾਦਿਤ ਵੀ ਕੀਤੀਆਂ ਹਨ।
‘ਸੇਫ਼ਟੀ ਕਿੱਟ’ (ਕੀਮਤ: 250 ਰੁਪਏ; ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ-16) ਉਸ ਦਾ ਹਾਲ ਹੀ ਵਿੱਚ ਪ੍ਰਕਾਸ਼ਿਤ ਹੋਇਆ ਨਵਾਂ ਕਹਾਣੀ-ਸੰਗ੍ਰਹਿ ਹੈ ਜਿਸ ਵਿੱਚ ਉਸ ਨੇ ਆਪਣੀ ਸਿਰਜਣ ਪ੍ਰਕਿਰਿਆ ਤੋਂ ਇਲਾਵਾ ਦਸ ਕਹਾਣੀਆਂ ਸ਼ਾਮਲ ਕੀਤੀਆਂ ਹਨ।
ਪੁਸਤਕ ਦੇ ਮੁੱਢ ਵਿੱਚ ਹੀ ‘ਖ਼ੁਦ ਦੀ ਭਾਲ’ ਸਿਰਲੇਖ ਹੇਠ ਉਹ ਆਪਣੀਆਂ ਕਹਾਣੀਆਂ ਦੀਆਂ ਗੱਲਾਂ ਕਰਦਾ ਹੈ। ਅਨੇਕਾਂ ਸੰਸਾਰ ਪ੍ਰਸਿੱਧ ਪੁਸਤਕਾਂ ਦੇ ਹਵਾਲੇ ਅਤੇ ਵੱਡੇ ਲੇਖਕਾਂ ਦੀਆਂ ਟੂਕਾਂ ਦਿੰਦਾ ਹੈ ਜਿਨ੍ਹਾਂ ਨੂੰ ਆਪਣੇ ਚਿਤੰਨ ਵਿੱਚ ਪਚਾ ਕੇ ਉਸ ਨੇ ਕਹਾਣੀਆਂ ਰਚੀਆਂ ਹਨ। ਕਹਾਣੀ ਦੇ ਬਿਰਤਾਂਤ ਲਈ ਜ਼ਰੂਰੀ ਕੱਥ ਦੀ ਭਾਲ ਕਰਦਿਆਂ ਉਹ ਆਪਣੀਆਂ ਕਹਾਣੀਆਂ ਦੀ ਸਿਰਜਣਾ ਤੀਕ ਪਹੁੰਚਦਾ ਹੈ। ਕਹਾਣੀ ਰਚਨ ਨੂੰ ਉਹ ਪ੍ਰੇਮ ਪ੍ਰਕਾਸ਼ ਵਾਂਗ ਇੱਕ ਰਹੱਸ ਸਮਝਦਾ ਹੈ। ‘ਚੰਗਾ ਸਿਰਜਕ ਹੋਣ ਲਈ ਚੰਗਾ ਪਾਠਕ ਹੋਣਾ ਵੀ ਜ਼ਰੂਰੀ ਹੈ।’ ਇਹ ਜਿੰਦਰ ਦੀ ਆਪਣੀ ਨਿੱਜੀ ਰਾਇ ਹੈ।
ਇਸ ਪੁਸਤਕ ਦੀਆਂ ਦਸ ਕਹਾਣੀਆਂ ਥਾਣੀਂ ਗੁਜ਼ਰਦਿਆਂ ਇਨ੍ਹਾਂ ਵਿੱਚੋਂ ਪਰਵਾਸ, ਜਿਨਸੀ ਸਬੰਧਾਂ ਅਤੇ ਮਨੋਵਿਗਿਆਨਕ ਛੋਹਾਂ ਦੀ ਗੂੰਜ ਵਾਰ-ਵਾਰ ਕੰਨੀਂ ਪੈਂਦੀ ਹੈ। ਜਿਨਸੀ ਸਬੰਧਾਂ ਦੇ ਅਨੇਕਾਂ ਗੁੰਝਲਦਾਰ ਮਸਲੇ ਸਾਡੇ ਸਨਮੁਖ ਆਉਂਦੇ ਦਿਖਾਈ ਦਿੰਦੇ ਹਨ। ਪਰਵਾਸ ਦੀਆਂ ਅਲਾਮਤਾਂ ਵੀ ਘੱਟ ਨਹੀਂ ਹਨ। ਮਨੋਵਿਗਿਆਨਕ ਛੋਹਾਂ ਰਾਹੀਂ ਕਹਾਣੀਕਾਰ ਕਹਾਣੀ ਨੂੰ ਤਰਕਸ਼ੀਲ ਅਤੇ ਪੜ੍ਹਨਯੋਗ ਬਣਾਉਣ ਦਾ ਹੀਲਾ ਕਰਦਾ ਵੀ ਦਿਖਾਈ ਦਿੰਦਾ ਹੈ।
ਪਹਿਲੀ ਕਹਾਣੀ ‘ਮੇਰਾ ਕੋਈ ਕਸੂਰ ਨਹੀਂ’ ਦੀ ਲਵਜੀਤ ਨਾਂ ਦੀ ਕੁੜੀ ਜੋ ਸਟੱਡੀ ਵੀਜ਼ੇ ’ਤੇ ਕੈਨੇਡਾ ਪੜ੍ਹਨ ਗਈ ਹੈ, ਖਰਚ ਤੇ ਪੈਸਿਆਂ ਦੀ ਕਮੀ ਕਾਰਨ ਪੁੱਠੇ ਰਾਹ ਪੈ ਜਾਂਦੀ ਹੈ। ਉਸ ਦੀ ਗਾਥਾ ਸੁਣ ਕੇ ਗਿਆਨ ਸਿੰਘ ਵੱਲੋਂ ਕੈਨੇਡਾ ਭੇਜੀ ਆਪਣੀ ਧੀ ਸਿਮਰਨ ਬਾਰੇ ਚਿੰਤਾ ਹੁੰਦੀ ਹੈ ਪਰ ਉਹ ਇਹ ਆਖ ਕੇ ਧਰਵਾਸ ਦੇ ਲੈਂਦਾ ਹੈ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਤੇ ਉਹ ਦੂਜਾ ਖੇਤ ਵੀ ਵੇਚ ਕੇ ਕੁੜੀ ਨੂੰ ਪੈਸੇ ਭੇਜੇਗਾ ਤੇ ਪੈਸੇ ਦੀ ਉਸ ਨੂੰ ਕੋਈ ਤੋਟ ਨਹੀਂ ਰਹਿਣ ਦੇਵੇਗਾ। ਵਿਦਿਆਰਥੀਆਂ ਨੂੰ ਦਰਪੇਸ਼ ਦੁਸ਼ਵਾਰੀਆਂ ਤੇ ਪੁੱਠੇ ਰਾਹਾਂ ’ਤੇ ਪੈ ਜਾਣ ਦੀ ਇਹ ਕਹਾਣੀ ਬਹੁਤ ਚੰਗੀ ਤਰ੍ਹਾਂ ਤਸਵੀਰਕਸ਼ੀ ਕਰਦੀ ਹੈ। ਇਸੇ ਤਰ੍ਹਾਂ ‘ਚਿਰਾਗ਼’ ਕਹਾਣੀ ਦਾ ਪਾਤਰ ਅਰਜਨ ਵਿਗੜ ਜਾਂਦਾ ਹੈ, ਨਸ਼ੇ ਕਰਨ ਲੱਗਦਾ ਹੈ। ਉਸ ਦਾ ਪਿਉ ਮੀਤ ਵੀ ਇਸੇ ਤਰ੍ਹਾਂ ਕਰਦਾ ਹੈ। ਮਾਂ ਜੋਤੀ ਉਸ ਨੂੰ ਹਰ ਹੀਲੇ ਬਚਾਉਣਾ ਚਾਹੁੰਦੀ ਹੈ। ਕਿਸੇ ਦੇ ਕਹਿਣ ’ਤੇ ਕਿ ਇਸ ਲਈ ਕਿਸੇ ਕੁੜੀ ਦਾ ਪ੍ਰਬੰਧ ਹੋ ਜਾਵੇ ਤਾਂ ਇਹ ਟਿਕ ਸਕਦਾ ਹੈ, ਮਾਂ ਜੋਤੀ ਮਹਿੰਗੇ ਭਾਅ ਦੀ ਕੁੜੀ ਲੈਣ ਲਈ ਵੀ ਤਿਆਰ ਹੋ ਜਾਂਦੀ ਹੈ ਤਾਂ ਕਿ ਆਪਣੇ ਪੁੱਤਰ ਨੂੰ ਜ਼ਿੰਦਗੀ ਦੀ ਜਿੱਲ੍ਹਣ ਵਿੱਚੋਂ ਕੱਢ ਸਕੇ।
‘ਬੰਦੇ ਬਿਨਾਂ’, ‘ਚੀਕਾਂ’, ‘ਸੇਫ਼ਟੀ ਕਿੱਟ’, ‘ਭਾਅ ਜੀ ਉਰਫ਼ ਕਾਮਰੇਡ’ ਕਹਾਣੀਆਂ ਜਿਨਸੀ ਸਬੰਧਾਂ ਨਾਲ ਸਬੰਧਿਤ ਹਨ। ਜਿਨਸੀ ਸਬੰਧਾਂ ਦੀਆਂ ਗੁੱਝੀਆਂ ਰਮਜ਼ਾਂ ਇਹ ਕਹਾਣੀਆਂ ਖੋਲ੍ਹਣ ਦੀ ਕੋਸ਼ਿਸ਼ ਕਰਦੀਆਂ ਹਨ। ‘ਬੰਦੇ ਬਿਨਾਂ’ ਕਹਾਣੀ ਦਾ ਥੀਮ ਇਹ ਹੈ ਕਿ ਔਰਤ ਨੂੰ ਬੰਦੇ ਦਾ ਭੁਸ ਪੈ ਜਾਂਦਾ ਹੈ। ਬੰਦੇ ਬਗੈਰ ਉਹਦਾ ਗੁਜ਼ਾਰਾ ਨਹੀਂ ਹੁੰਦਾ ਜਾਂ ਲੋੜ ਪੂਰੀ ਨਹੀਂ ਹੁੰਦੀ। ਸਿੰਮੀ ਅਤੇ ਉਨ੍ਹਾਂ ਦੇ ਨੌਕਰ ਦੇ ਅਨੈਤਿਕ ਸਬੰਧਾਂ ਰਾਹੀਂ ਇਹ ਗੱਲ ਉੱਘੜ ਕੇ ਸਾਹਮਣੇ ਆਉਂਦੀ ਹੈ। ‘ਚੀਕਾਂ’ ਦੀ ਸੁਲੇਖਾ ਨਾਬਾਲਗ ਮੁੰਡੇ ਰਾਕੇਸ਼ ਨੂੰ ਅਸ਼ਲੀਲ ਤਸਵੀਰਾਂ ਦਿਖਾ-ਦਿਖਾ, ਆਪਣੇ ਨੇੜੇ ਕਰ-ਕਰ ਬਾਲਗ ਬਣਾ ਦਿੰਦੀ ਹੈ। ‘ਕੜਿੱਕੀ’ ਦੀ ਜਸ਼ਨਪ੍ਰੀਤ ਆਪਣੇ ਪਤੀ ਨਿਸ਼ਾਂਤ ਵੱਲੋਂ ਪੂਰਾ ਸਮਾਂ ਨਾ ਦਿੱਤੇ ਜਾਣ ਕਾਰਨ ਉਪਰਾਮ ਹੋ ਕੇ ਪਿੰਜਰੇ ’ਚ ਫਸੀ ਚੂਹੀ ਵਾਂਗ ਮਹਿਸੂਸ ਕਰਨ ਲੱਗਦੀ ਹੈ ਤੇ ਉਹ ਰਣਜੀਤ ਨਾਂ ਦੇ ਪ੍ਰੇਮੀ ਵੱਲ ਉਲਾਰ ਹੋ ਜਾਂਦੀ ਹੈ ਪਰ ਬੱਚਿਆਂ ਦਾ ਮੋਹ ਉਸ ਨੂੰ ਵਾਪਸ ਮੋੜ ਲੈਂਦਾ ਹੈ। ‘ਸੇਫ਼ਟੀ ਕਿੱਟ’ ਦੀ ਸਮਾਂਥਾ ਨਿਧੜਕ ਅਤੇ ਅਡਵੈਂਚਰਸ ਕੁੜੀ ਹੈ ਜੋ ਬਲਾਤਕਾਰ ਤੋਂ ਨਹੀਂ ਡਰਦੀ ਤੇ ਨਿਡਰ ਹੋ ਕੇ ਦੁਨੀਆ ਦੇ ਵੱਖ-ਵੱਖ ਮੁਲਕਾਂ ਦੀ ਸੈਰ ਕਰਦੀ ਹੈ। ਬਲਾਤਕਾਰ ਤੋਂ ਬਚਣ ਲਈ ਉਹ ਵਿਸ਼ੇਸ਼ ਸਿੱਖਿਆ ਵੀ ਲੈਂਦੀ ਹੈ ਤੇ ਇਸ ਤੋਂ ਬਚਣ ਲਈ ਸੇਫ਼ਟੀ ਕਿੱਟ ਦੀ ਵਰਤੋਂ ਵੀ ਕਰਦੀ ਹੈ। ‘ਭਾਅ ਜੀ ਉਰਫ਼ ਕਾਮਰੇਡ’ ਕਹਾਣੀ ਦੱਸਦੀ ਹੈ ਕਿ ਜਿਨਸੀ ਸਬੰਧਾਂ ਦੇ ਮਾਮਲੇ ਵਿੱਚ ਕੋਈ ਆਦਰਸ਼ਵਾਦ ਨਹੀਂ ਚੱਲਦਾ, ਇਸ ਮਾਮਲੇ ’ਚ ਅਸੀਂ ਸਾਰੇ ਇੱਕੋ ਪ੍ਰਜਾਤੀ ਦੇ ਬਣ ਜਾਂਦੇ ਹਾਂ। ‘ਸਕੈੱਚ’ ਮਨੋਵਿਗਿਆਨਕ ਆਧਾਰ ਵਾਲੀ ਕਹਾਣੀ ਹੈ।
‘ਸ਼ਰਤ’ ਅਤੇ ‘ਦੂਰੀਆਂ’ ਹਟਵੇਂ ਵਿਸ਼ਿਆਂ ਵਾਲੀਆਂ ਕਹਾਣੀਆਂ ਹਨ। ‘ਸ਼ਰਤ’ ਵਿੱਚ ‘ਅਮੀਰਾ’ ਨਾਂ ਦੀ ਬਾਲੜੀ ਦੇ ਸਾਰੇ ਪਰਿਵਾਰਕ ਜੀਅ ਇਰਾਕ/ਅਮਰੀਕਾ ਯੁੱਧ ਵਿੱਚ ਮਾਰੇ ਜਾਂਦੇ ਹਨ। ਕੇਵਲ ਉਸ ਦੀ ਦਾਦੀ ਹੀ ਉਸ ਦਾ ਪਾਲਣ-ਪੋਸ਼ਣ ਕਰਨ ਲਈ ਜਿਉਂਦੀ ਰਹਿ ਜਾਂਦੀ ਹੈ। ਜ਼ੈਨਾ ਨਾਂ ਦੀ ਪੱਤਰਕਾਰ ਕੁੜੀ ਉਸ ਨੂੰ ਗੋਦ ਲੈਣਾ ਚਾਹੁੰਦੀ ਹੈ ਜਿਸ ਲਈ ਉਸ ਦੀ ਦਾਦੀ ਕੁਝ ਸ਼ਰਤਾਂ ਅਧੀਨ ਹੀ ਮੰਨਦੀ ਹੈ। ‘ਦੂਰੀਆਂ’ ਕਹਾਣੀ ਅੱਜ ਦੇ ਰਿਸ਼ਤਿਆਂ ਵਿੱਚ ਪੈ ਰਹੀਆਂ ਤਰੇੜਾਂ ਤੇ ਹੋਣ ਵਾਲੀਆਂ ਦੂਰੀਆਂ ਦੀ ਗੱਲ ਕਰਦੀ ਹੈ ਜਿਸ ਵਿੱਚ ਭੈਣ ਭਰਾ ਜਿਹੇ ਰਿਸ਼ਤੇ ਵੀ ਉੱਖੜ ਰਹੇ ਹਨ। ਆਪਸੀ ਅਪਣੱਤ ਘਟ ਰਹੀ ਹੈ। ਮਨੁੱਖ ਦੀ ਭੱਜ-ਦੌੜ ਉਸ ਨੂੰ ਇਨ੍ਹਾਂ ਨੇੜਲੇ ਰਿਸ਼ਤਿਆਂ ਤੋਂ ਵੀ ਬੇਮੁਖ ਕਰ ਰਹੀ ਹੈ।
ਜਿੰਦਰ ਅਜਿਹਾ ਕਹਾਣੀਕਾਰ ਹੈ ਜੋ ਮਿੱਥ ਕੇ ਕਹਾਣੀ ਨਹੀਂ ਲਿਖਦਾ। ਉਹ ਕਿਤੋਂ ਵੀ ਕਹਾਣੀ ਸ਼ੁਰੂ ਕਰਕੇ ਕਿਤੇ ਵੀ ਛੱਡ ਸਕਦਾ ਹੈ। ਉਸ ਦੀਆਂ ਕਹਾਣੀਆਂ ਆਮ ਤੌਰ ’ਤੇ ਖੁੱਲ੍ਹੇ ਅੰਤ ਵਾਲੀਆਂ ਹੁੰਦੀਆਂ ਹਨ। ਪਾਠਕ ਨੂੰ ਅੰਤ ਵਿੱਚ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ। ਉਸ ਤੋਂ ਹੋਰ ਵੀ ਵਧੀਆ ਕਹਾਣੀਆਂ ਦੀ ਉਮੀਦ ਕੀਤੀ ਜਾ ਸਕਦੀ ਹੈ।
ਸੰਪਰਕ: 94635-37050