ਪੀਐੱਸਯੂ ਕਰੇਗੀ ‘ਆਪ’ ਉਮੀਦਵਾਰ ਢਿੱਲੋਂ ਦੇ ਦਫ਼ਤਰ ਦਾ ਘਿਰਾਓ
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 3 ਨਵੰਬਰ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕੇਂਦਰ ਦੀ ਸਿੱਖਿਆ ਨੀਤੀ ਰੱਦ ਕਰਵਾਉਣ, ਸਿੱਖਿਆ ਦੇ ਵਿਸ਼ੇ ਨੂੰ ਰਾਜ ਸੂਚੀ ਵਿੱਚ ਸ਼ਾਮਲ ਕਰਵਾਉਣ ਅਤੇ ਪੰਜਾਬਆਂ ਲਈ ਨੌਕਰੀਆਂ ਵਿੱਚ 90 ਫ਼ੀਸਦੀ ਰਾਖਵਾਂਕਰਨ ਲਈ 6 ਨਵੰਬਰ ਨੂੰ ਆਪ ਉਮੀਦਵਾਰ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਜਥੇਬੰਦੀ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਧੀਰਜ ਫਾਜ਼ਿਲਕਾ, ਸਕੱਤਰ ਰਾਜਿੰਦਰ ਢਿੱਲਵਾਂ ਅਤੇ ਹਰਵੀਰ ਫਰੀਦਕੋਟ ਨੇ ਕਿਹਾ ਕਿ ਆਪ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਿੱਖਿਆ ਕ੍ਰਾਂਤੀ ਲਿਆਉਣ ਦੇ ਵਾਅਦੇ ਕੀਤੇ ਗਏ ਸਨ ਪਰ ਆਪ ਦਾ ਇੱਕ ਵੀ ਐਲਾਨ ਪੂਰਾ ਨਹੀਂ ਹੋਇਆ ਸਗੋਂ ਲਗਾਤਾਰ ਕੇਂਦਰ ਦੀਆਂ ਨੀਤੀਆਂ ਨੂੰ ਪੰਜਾਬ ਵਿੱਚ ਥੋਪਿਆ ਜਾ ਰਿਹਾ ਹੈ। ਨਵੀਂ ਸਿੱਖਿਆ ਨੀਤੀ 2020 ਦੇ ਮਾੜੇ ਪ੍ਰਭਾਵ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪਿਛਲੇ ਦਿਨੀਂ 8 ਸਰਕਾਰੀ ਕਾਲਜਾਂ ਨੂੰ ਖ਼ੁਦਮੁਖਤਿਆਰੀ ਦੇ ਨਾਮ ਤੇ ਪ੍ਰਾਈਵੇਟ ਕੀਤਾ ਜਾ ਰਿਹਾ ਸੀ ਪਰ ਵਿਦਿਆਰਥੀ-ਪ੍ਰੋਫ਼ੈਸਰਾਂ ਦੇ ਵਿਰੋਧ ਕਰਕੇ ਸਰਕਾਰ ਨੇ ਫੈਸਲਾ ਬਦਲਣਾ ਪਿਆ। ਹੁਣ ਸਿੱਖਿਆ ਮੰਤਰੀ ਵੱਲੋਂ ਅੱਠਵੀਂ ਤਕ ਦੇ ਸਕੂਲਾਂ ਨੂੰ ਹਾਈ ਸਕੂਲਾਂ ਵਿਚ ਰਲੇਵਾਂ ਕਰਨ ਦੀ ਗੱਲ ਕਹੀ ਗਈ ਹੈ ਜੋ ਇਸੇ ਨੀਤੀ ਤਹਿਤ ਕੀਤਾ ਜਾ ਰਿਹਾ ਹੈ।