ਪੀਐੱਸਯੂ ਸ਼ਹੀਦ ਰੰਧਾਵਾ ਵੱਲੋਂ ਗੇਟ ਰੈਲੀਆਂ ਕਰਨ ਦਾ ਫ਼ੈਸਲਾ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 31 ਅਗਸਤ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਵੱਖ-ਵੱਖ ਕਾਲਜਾਂ ਦੇ ਸਰਗਰਮ ਕਾਰਕੁਨਾਂ ਦੀ ਮੀਟਿੰਗ ਸਰਕਾਰੀ ਰਣਬੀਰ ਕਾਲਜ ਵਿੱਚ ਹੋਈ। ਵਿਦਿਆਰਥੀ ਆਗੂ ਹੁਸ਼ਿਆਰ ਸਿੰਘ ਸਲੇਮਗੜ੍ਹ ਤੇ ਅਮੀਤੋਜ ਮੋੜ ਨੇ ਦੱਸਿਆ ਕਿ ਅੱਜ ਦੀ ਮੀਟਿੰਗ ’ਚ ਫ਼ੈਸਲਾ ਹੋਇਆ ਹੈ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਕਾਂਸਟੀਚੁਐਟ ਕਾਲਜਾਂ ਤੇ ਨੇਬਰਹੁੱਡ ਕੈਂਪਸ ਗੈਸਟ ਫੈਕਲਟੀ ਪ੍ਰੋਫ਼ੈਸਰਾਂ ਦੇ ਹੱਕ ’ਚ ਕਾਲਜਾਂ ’ਚ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਤੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ। ਇਸ ਤੋਂ ਇਲਾਵਾ 1 ਤੋਂ 5 ਸਤੰਬਰ ਤੱਕ ਚੰਡੀਗੜ੍ਹ ’ਚ ਭਾਕਿਯੂ ਏਕਤਾ (ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਲਗਾਏ ਜਾ ਰਹੇ ਪੰਜ ਰੋਜ਼ਾ ਖੇਤੀ ਨੀਤੀ ਮੋਰਚੇ ਦੀ ਵੀ ਹਮਾਇਤ ਕੀਤੀ ਜਾਵੇਗੀ।
ਵਿਦਿਆਰਥੀ ਆਗੂ ਬਿੰਦਰ ਬਠਿੰਡਾ ਤੇ ਸੁਨੀਲ ਚੂਲੜ ਨੇ ਕਿਹਾ ਅੱਧੇ ਦੇ ਲਗਪਗ ਸਮੈਸਟਰ ਲੰਘ ਜਾਣ ’ਤੇ ਵੀ ਅਜੇ ਤੱਕ ਕਾਲਜਾਂ ’ਚ ਅਧਿਆਪਕ ਨਹੀਂ ਆਏ ਤੇ ਕਲਾਸਾਂ ਸ਼ੁਰੂ ਨਹੀਂ ਹੋਈਆਂ, ਜਿਸ ਦਾ ਖਮਿਆਜ਼ਾ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਪੱਖੀ ਖੇਤੀ ਨੀਤੀ ਬਣਾਉਣ ਲਈ ਕਿਸਾਨ-ਮਜ਼ਦੂਰਾਂ ਵੱਲੋਂ ਚੰਡੀਗੜ੍ਹ ’ਚ ਲਾਏ ਜਾ ਰਹੇ ਖੇਤੀ ਨੀਤੀ ਮੋਰਚੇ ਦੀ ਵੀ ਹਮਾਇਤ ਕੀਤੀ ਜਾਵੇਗੀ। ਮੀਟਿੰਗ ਚ ਹੁਸ਼ਿਆਰ ਸਲੇਮਗੜ੍ਹ ਹਾਜ਼ਰ ਸਨ।