ਪੀਐੱਸਯੂ ਨੇ ਮੋਗਾ ਸੰਗਰਾਮ ਰੈਲੀ ਦੀ 50ਵੀਂ ਵਰ੍ਹੇਗੰਢ ਮਨਾਈ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 22 ਅਕਤੂਬਰ
ਇਤਿਹਾਸਿਕ ਮੋਗਾ ਸੰਗਰਾਮ ਰੈਲੀ ਦੀ 50ਵੀਂ ਵਰ੍ਹੇਗੰਢ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਇੱਥੇ ਸਰਕਾਰੀ ਰਣਬੀਰ ਕਾਲਜ ਵਿੱਚ ਵਿਦਿਆਰਥੀ ਕਾਰਕੁਨਾਂ ਦੀ ਇਕੱਤਰਤਾ ਕੀਤੀ ਗਈ। ਇਕੱਤਰਤਾ ਦੀ ਸ਼ੁਰੂਆਤ ਕੌਮੀ ਮੁਕਤੀ ਸੰਗਰਾਮ ਦੇ ਮਹਾਨ ਸ਼ਹੀਦ ਅਸ਼ਫਾਕ-ਉੱਲਾ ਖ਼ਾਨ ਨੂੰ ਸ਼ਰਧਾਂਜਲੀ ਦੇਣ ਨਾਲ ਕੀਤੀ ਗਈ।
ਪੀਐੱਸਯੂ (ਸ਼ਹੀਦ ਰੰਧਾਵਾ) ਦੇ ਸਾਬਕਾ ਸੂਬਾ ਪ੍ਰਧਾਨ ਪਾਵੇਲ ਕੁੱਸਾ ਨੇ ਸੰਗਰਾਮ ਰੈਲੀ ਦੇ ਇਤਿਹਾਸਿਕ ਮਹੱਤਵ ਅਤੇ ਅਜੋਕੇ ਦੌਰ ਅੰਦਰ ਇਸ ਦੇ ਸਨੇਹੇ ਦੀ ਪ੍ਰਸੰਗਕਿਤਾ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਮੋਗਾ ਸੰਗਰਾਮ ਰੈਲੀ ਇਨਕਲਾਬੀ ਲਹਿਰ ਦੇ ਇਤਿਹਾਸ ਵਿੱਚ ਅਹਿਮ ਘਟਨਾ ਸੀ ਜਿਸ ਰਾਹੀਂ ਪੰਜਾਬ ਦੇ ਵਿਦਿਆਰਥੀਆਂ ਨੇ ਹਾਕਮ ਜਮਾਤਾਂ ਦੀ ਭਟਕਾਊ ਤੇ ਭਰਮਾਊ ਸਿਆਸਤ ਦੇ ਮੁਕਾਬਲੇ ਸਾਮਰਾਜ ਵਿਰੋਧੀ ਅਸਲ ਲੋਕ ਪੱਖੀ ਬਦਲ ਪੇਸ਼ ਕੀਤਾ ਸੀ ਅਤੇ ਲੋਕਾਂ ਨੂੰ ਇਸ ਭਰਮਾਊ ਸਿਆਸਤ ਦੇ ਟਾਕਰੇ ਲਈ ਹਾਕਮ ਜਮਾਤੀ ਪਾਰਟੀਆਂ ਦੀ ਮੁਥਾਜਗੀ ਤੋਂ ਮੁਕਤ ਸਵੈ-ਨਿਰਭਰ ਜਥੇਬੰਦ ਸ਼ਕਤੀ ’ਤੇ ਟੇਕ ਰੱਖ ਕੇ ਅੱਗੇ ਵਧਣ ਦਾ ਹੋਕਾ ਦਿੱਤਾ ਗਿਆ ਸੀ। ਮੋਗਾ ਸੰਗਰਾਮ ਰੈਲੀ ਤੋਂ ਪੇਸ਼ ਕੀਤਾ ਗਿਆ ‘ਕੌਮ ਲਈ ਕਲਿਆਣ ਦਾ ਰਾਹ’ ਨਾਮ ਦਾ ਦਸਤਾਵੇਜ਼ ਅੱਜ ਵੀ ਪ੍ਰਸੰਗਿਕ ਹੈ। ਉਨ੍ਹਾਂ ਕਿਹਾ ਕਿ ਸੰਗਰਾਮ ਰੈਲੀ ਦੇ ਨਾਅਰੇ ਪੰਜਾਬ ਦੀ ਜਨਤਕ ਇਨਕਲਾਬੀ ਲਹਿਰ ਅੰਦਰ ਇੰਨੇ ਮਕਬੂਲ ਹਨ ਕਿ ਉਹ ਹੁਣ ਵੀ ਲੋਕ ਸੰਘਰਸ਼ਾਂ ਅੰਦਰ ਗੂੰਜਦੇ ਸੁਣੇ ਜਾ ਸਕਦੇ ਹਨ। ਪੀਐੱਸਯੂ (ਸ਼ਹੀਦ ਰੰਧਾਵਾ) ਦੇ ਸੂਬਾ ਸਕੱਤਰ ਹੁਸ਼ਿਆਰ ਸਿੰਘ ਨੇ ਇਸ ਮਹਾਨ ਸੰਗਰਾਮੀ ਵਿਰਾਸਤ ਨੂੰ ਗ੍ਰਹਿਣ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਵਿਦਿਆਰਥੀ ਆਗੂ ਅਮਿਤੋਜ ਮੌੜ ਨੇ ਕੈਨੇਡਾ ‘ਚ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੀ ਹਮਾਇਤ ਵਿੱਚ ਮਤਾ ਪਾਸ ਕੀਤਾ ਗਿਆ ਤੇ ਮੰਗ ਕੀਤੀ ਗਈ ਕਿ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰਨ ਦੀਆਂ ਵਿਉਤਾਂ ਰੱਦ ਕਰਕੇ ਉਨ੍ਹਾਂ ਨੂੰ ਮਾਣ-ਸਨਮਾਨ ਲਾਇਕ ਪੜ੍ਹਾਈ ਤੇ ਰੁਜ਼ਗਾਰ ਮੁਹੱਈਆ ਕਰਾਇਆ ਜਾਵੇ। ਇਕੱਤਰਤਾ ਦਾ ਮੰਚ ਸੰਚਾਲਨ ਗੁਰਵਿੰਦਰ ਸਿੰਘ ਨੇ ਕੀਤਾ ਗਿਆ। ਸੁਰਖ਼ਾਬ ਨੇ ਸਿੱਖਿਆ ਪ੍ਰਬੰਧ ਬਾਰੇ ਕਵਿਤਾ ਤੀਸਰੀ ਅੱਖ ਸੁਣਾਈ।