ਪੀਆਰਟੀਸੀ ਦੇ ਬੇੜੇ ਵਿੱਚ ਦੋ ਵੋਲਵੋ ਬੱਸਾਂ ਸ਼ਾਮਲ
ਖੇਤਰੀ ਪ੍ਰਤੀਨਿਧ
ਪਟਿਆਲਾ, 10 ਨਵੰਬਰ
ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮੁੱਖ ਬੱਸ ਅੱਡੇ ’ਚੋਂ ਦੋ ਵੋਲਵੋ ਬੱਸਾਂ ਨੂੰ ਹਰੀ ਝੰਡੀ ਦਿਖਾਈ। ਇਹ ਵੋਲਵੋ ਬੱਸਾਂ ਪੰਜਾਬ ’ਚ ਪਹਿਲੀ ਵਾਰ ਚਲਾਈਆਂ ਗਈਆਂ ਹਨ ਕਿਉਂਕਿ ਇਸ ਤੋਂ ਪਹਿਲਾਂ ਅਜਿਹੀਆਂ ਲਗਜ਼ਰੀ ਬੱਸਾਂ ਦਿੱਲੀ ਦੇ ਰੂਟ ’ਤੇ ਹੀ ਚੱਲਦੀਆਂ ਹਨ। ਸ੍ਰੀ ਹਡਾਣਾ ਨੇ ਕਿਹਾ ਕਿ ਦੋਵੇਂ ਨਵੀਆਂ ਵੋਲਵੋ ਬੱਸਾਂ ਚੰਡੀਗੜ੍ਹ ਤੋਂ ਅਬਹੋਰ ਤੱਕ ਜਾਇਆ ਕਰਨਗੀਆਂ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਤੱਕ ਪੀਆਰਟੀਸੀ ਇਸ ਕਰ ਕੇ ਘਾਟੇ ਵਿੱਚ ਹੀ ਚੱਲਦੀ ਰਹੀ ਹੈ ਕਿਉਂਕਿ 70 ਸਾਲਾਂ ਤੋਂ ਕਾਬਜ਼ ਸਰਕਾਰਾਂ ਖਜ਼ਾਨੇ ਨੂੰ ਘੁਣ ਵਾਂਗ ਖਾ ਰਹੀਆਂ ਸਨ ਬਲਕਿ ਹਕੂਮਤਾਂ ਵਿਚਲੇ ਲੋਕ ਹੀ ਬਿਨਾਂ ਪਰਮਿਟ ਤੋਂ ਕਈ-ਕਈ ਬੱਸਾਂ ਚਲਾ ਰਹੇ ਸਨ ਪਰ ‘ਆਪ’ ਸਰਕਾਰ ਨੇ ਸ਼ਿਕੰਜਾ ਕੱਸਦਿਆਂ ਦੋ ਨੰਬਰ ’ਚ ਚੱਲਦੀਆਂ 21 ਬੱਸਾਂ ਬੰਦ ਕਰਵਾਈਆਂ ਹਨ। 16 ਡਰਾਈਵਰਾਂ ਤੋਂ ਚੋਰੀ ਕੀਤਾ 42,409 ਰੁਪਏ ਦਾ 500 ਲਿਟਰ ਡੀਜ਼ਲ ਫੜਨ ਸਮੇਤ ਗਬਨ ਕਰਦੇ 40 ਕੰਡਕਟਰਾਂ ਨੂੰ ਵੀ ਕਾਬੂ ਕੀਤਾ ਗਿਆ ਹੈ। ਬਿਨਾਂ ਟਿਕਟ ਸਫਰ ਕਰਦੀਆਂ 524 ਸਵਾਰੀਆਂ ਨੂੰ 1.21 ਲੱਖ ਜੁਰਮਾਨੇ ਕੀਤੇ ਗਏ ਹਨ। ਇਸ ਮੌਕੇ ਜਨਰਲ ਮੈਨੇਜਰ ਅਮਨਵੀਰ ਟਿਵਾਣਾ, ਐੱਮਪੀ ਸਿੰਘ, ਮਨਿੰਦਰਪਾਲ ਸਿੱਧੂ ਸਮੇਤ ਐਕਸੀਅਨ ਜਤਿੰਦਰਪਾਲ ਗਰੇਵਾਲ, ਹਰਪਿੰਦਰ ਚੀਮਾ, ਪੀਏ ਰਮਨਜੋਤ ਸਿੰਘ ਅਤੇ ਅਰਵਿੰਦਰ ਸਿੰਘ ਵੀ ਮੌਜੂਦ ਸਨ।