ਪਾਵਰਕੌਮ ਮਗਰੋਂ ਪੀਆਰਟੀਸੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲੀਆਂ ਅੱਧੀਆਂ ਤਨਖਾਹਾਂ
ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਫਰਵਰੀ
ਪਾਵਰਕੌਮ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਇੱਕ ਹੋਰ ਅਹਿਮ ਅਦਾਰੇ ਪੈਪਸੂ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਨੇ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਨੂੰ ਬਣਦੀਆਂ ਤਨਖਾਹਾਂ ਤੇ ਪੈਨਸ਼ਨਾਂ ਦੀ ਰਕਮ ਦਾ 50 ਫੀਸਦੀ ਹਿੱਸਾ ਹੀ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਪਾਇਆ ਹੈ। ਇਸ ਦੇ ਰੋਸ ਵਜੋਂ ਪੈਨਸ਼ਨਰਾਂ ਨੇ ਅੱਜ ਸਥਾਨਕ ਸ਼ਹਿਰ ’ਚ ਰੋਸ ਮਾਰਚ ਕਰਕੇ ਪੀਆਰਟੀਸੀ ਦੀ ਵਰਕਸ਼ਾਪ ਵਿਖੇ ਗੇਟ ਰੈਲੀ ਕੀਤੀ। ਇਸ ਮੌਕੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਡਿੱਪੂ ਚੇਅਰਮੈਨ ਜਗਤਾਰ ਸਿੰਘ, ਪ੍ਰਧਾਨ ਜੋਗਿੰਦਰ ਸਿੰਘ ਸਣੇ ਸ਼ਿਵ ਕੁਮਾਰ, ਯੋਗਿੰਦਰ ਪਾਲ ਹਾਜ਼ਰ ਸਨ। ਜਥੇਬੰਦੀ ਦੇ ਬੁਲਾਰੇ ਹਰੀ ਸਿੰਘ ਚਮਕ ਨੇ ਕਿਹਾ ਕਿ ਜੇ ਜਲਦੀ ਹੀ ਬਾਕੀ ਪੈਨਸ਼ਨ ਜਾਰੀ ਨਾ ਕੀਤੀ ਤਾਂ ਮੁੱਖ ਦਫਤਰ ਮੂਹਰੇ ਧਰਨਾ ਲਾਉਣਾ ਪਵੇਗਾ। ਜ਼ਿਕਰਯੋਗ ਹੈ ਕਿ ਨਵਾਂ ਸਾਲ ਸ਼ੁਰੂ ਹੁੰਦਿਆਂ ਹੀ ਪਾਵਰਕੌਮ ਤੇ ਟਰਾਂਸਕੋ ਮੈਨੇਜਮੈਂਟ ਨੇ ਵਿੱਤੀ ਸੰਕਟ ਦੌਰਾਨ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਤਨਖਾਹ ਵਜੋਂ 30-30 ਹਜ਼ਾਰ ਤੇ ਪੈਨਸ਼ਨਰਾਂ ਨੂੰ 20-20 ਹਜ਼ਾਰ ਰੁਪਏ ਜਾਰੀ ਕੀਤੇ ਸਨ। ਇਸ ਦੇ ਰੋਸ ਵਜੋਂ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਰਾਜ ਵਿਆਪੀ ਸੰਘਰਸ਼ ਦਾ ਐਲਾਨ ਕੀਤਾ ਸੀ। ਰੋਹ ਅੱਗੇ ਝੁਕਦਿਆਂ ਅਦਾਰੇ ਨੇ ਤਨਖਾਹਾਂ ਅਤੇ ਪੈਨਸ਼ਨਾਂ ਜਾਰੀ ਕੀਤੀਆਂ ਸਨ।
ਬਾਕੀ ਹਿੱਸਾ ਵੀ ਜਲਦੀ ਕਰਾਂਗੇ ਜਾਰੀ: ਹਡਾਣਾ
ਪੀਆਰਟੀਸੀ ਦੇ ਚੇਅਰਮੈਨ ਹਣਜੋਧ ਸਿੰਘ ਹਡਾਣਾ ਨੇ ਮੰਨਿਆ ਹੈ ਕਿ ਐਤਕੀਂ 50 ਫ਼ੀਸਦੀ ਪੈਨਸ਼ਨ ਹੀ ਜਾਰੀ ਕੀਤੀ ਗਈ ਹੈ। ਉਨ੍ਹਾਂ ਦਾ ਤਰਕ ਸੀ ਕਿ ਕਈ ਕਰੋੜ ਰੁਪਏ ਦੀ ਇੱਕ ਫਾਈਲ ਬਹੁਤ ਜਲਦੀ ਪਾਸ ਹੋਣ ਜਾ ਰਹੀ ਹੈ, ਜਿਸ ਦੇ ਪਾਸ ਹੁੰਦਿਆਂ ਹੀ ਪੈਨਸ਼ਨਾਂ ਦਾ ਬਾਕੀ ਹਿੱਸਾ ਵੀ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਕਨੀਕੀ ਕਾਰਨਾਂ ਕਰਕੇ ਐਤਕੀਂ ਵਿੱਤੀ ਮੁਸ਼ਕਲ ਬਣੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਿਵੇਂ ਨਾ ਕਿਵੇਂ ਪੰਜਾਹ ਫ਼ੀਸਦੀ ਪੈਨਸ਼ਨਾਂ ਦਾ ਪ੍ਰਬੰਧ ਕੀਤਾ ਹੈ, ਬਾਕੀ ਰਾਸ਼ੀ ਵੀ ਬਹੁਤ ਜਲਦੀ ਜਾਰੀ ਕਰ ਦਿੱਤੀ ਜਾਵੇਗੀ।