ਭਵਾਨੀਗੜ੍ਹ ਨੇੜੇ ਪੀਆਰਟੀਸੀ ਦੀ ਬੱਸ ਪਲਟੀ, ਦੋ ਹਲਾਕ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 5 ਅਕਤੂਬਰ
ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਪਿੰਡ ਬਾਲਦ ਕਲਾਂ ਨੇੜੇ ਬੀਤੀ ਰਾਤ ਪੀਆਰਟੀਸੀ ਬਠਿੰਡਾ ਡਿੱਪੂ ਦੀ ਏਸੀ ਬੱਸ ਖਤਾਨਾਂ ਵਿੱਚ ਪਲਟਣ ਕਾਰਨ 21 ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ’ਚੋਂ ਦੋ ਦੀ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਾਜਿੰਦਰ ਕੁਮਾਰ ਵਾਸੀ ਬਾਲਦ ਕਲਾਂ ਅਤੇ ਗੁਰਪ੍ਰੀਤ ਕੌਰ ਵਾਸੀ ਤੁੰਗਵਾਲੀ ਵਜੋਂ ਹੋਈ ਹੈ।
ਬੀਤੀ ਰਾਤ ਚੰਡੀਗੜ੍ਹ ਤੋਂ ਆ ਰਹੀ ਪੀਆਰਟੀਸੀ ਬਠਿੰਡਾ ਡਿੱਪੂ ਦੀ ਬੱਸ ਬਾਲਦ ਕਲਾਂ ਨੇੜੇ ਬੇਕਾਬੂ ਹੋ ਕੇ ਖਤਾਨਾਂ ਵਿੱਚ ਪਲਟ ਗਈ। ਏਸੀ ਬੱਸ ਦੀ ਕੋਈ ਵੀ ਬਾਰੀ ਨਾ ਖੁੱਲ੍ਹਣ ਕਾਰਨ ਬੱਸ ਅੰਦਰ ਬੰਦ ਜ਼ਖ਼ਮੀ ਸਵਾਰੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਸੜਕ ਸੁਰੱਖਿਆ ਫੋਰਸ ਅਤੇ ਲੋਕਾਂ ਦੇ ਸਹਿਯੋਗ ਨਾਲ ਬੱਸ ਦੇ ਸ਼ੀਸ਼ੇ ਤੋੜ ਕੇ ਸਵਾਰੀਆਂ ਬਾਹਰ ਕੱਢੀਆਂ ਗਈਆਂ ਅਤੇ ਜ਼ਖ਼ਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵਾਹਨਾਂ ਰਾਹੀਂ ਸਿਵਲ ਹਸਪਤਾਲ ਭਵਾਨੀਗੜ੍ਹ ਦਾਖਲ ਕਰਵਾਇਆ ਗਿਆ। ਬਾਅਦ ਵਿੱਚ ਇਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।
ਜ਼ਖ਼ਮੀਆਂ ਵਿੱਚ ਤਰਨਜੀਤ ਸਿੰਘ ਸੰਗਰੂਰ, ਸਤੀਸ਼ ਕੁਮਾਰ ਹੈਦਰਾਬਾਦ, ਰਾਜਿੰਦਰ ਕੁਮਾਰ ਬਾਲਦ ਕਲਾਂ, ਜੱਸੀ ਬਡਰੁੱਖਾਂ, ਗੁਰਪ੍ਰੀਤ ਕੌਰ ਤੁੰਗਵਾਲੀ, ਗੁਰਲਾਲ ਸਿੰਘ ਲੌਂਗੋਵਾਲ, ਮਨੀਸ਼ ਸੰਗਰੂਰ, ਪਵਨ ਕੁਮਾਰ ਸੰਗਰੂਰ, ਰੋਹਿਤ ਸੰਗਰੂਰ, ਸੁਨੀਤਾ ਨਾਲਾਗੜ੍ਹ, ਸੁਖਰਾਜ ਸਿੰਘ ਚੰਡੀਗੜ੍ਹ, ਬਲਵਿੰਦਰ ਸਿੰਘ ਬਠਿੰਡਾ ਤੇ ਹੋਰ ਸ਼ਾਮਲ ਹਨ। ਭਵਾਨੀਗੜ੍ਹ ਦੇ ਥਾਣਾ ਮੁਖੀ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ’ਚੋਂ ਰਾਜਿੰਦਰ ਕੁਮਾਰ ਵਾਸੀ ਬਾਲਦ ਕਲਾਂ ਅਤੇ ਗੁਰਪ੍ਰੀਤ ਕੌਰ ਵਾਸੀ ਤੁੰਗਵਾਲੀ (ਬਠਿੰਡਾ) ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
ਹੁਸ਼ਿਆਰਪੁਰ-ਦਸੂਹਾ ਸੜਕ ’ਤੇ ਹਾਦਸੇ ’ਚ ਦੋ ਹਲਾਕ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਹੁਸ਼ਿਆਰਪੁਰ-ਦਸੂਹਾ ਸੜਕ ’ਤੇ ਪੈਂਦੇ ਪਿੰਡ ਬਾਗਪੁਰ ਨੇੜੇ ਅੱਜ ਸਵੇਰੇ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਾਰਸ ਤੇ ਸੁਭਾਸ਼ ਵਜੋਂ ਹੋਈ ਹੈ। ਇਹ ਦੋਵੇਂ ਜਗਰਾਤਾ ਪਾਰਟੀ ਦੇ ਮੈਂਬਰ ਸਨ, ਜੋ ਪ੍ਰੋਗਰਾਮ ਕਰ ਕੇ ਜੰਮੂ ਤੋਂ ਵਾਪਸ ਚੰਡੀਗੜ੍ਹ ਜਾ ਰਹੇ ਸਨ। ਉਹ ਜਦੋਂ ਬਾਗਪੁਰ ਨੇੜੇ ਪੁੱਜੇ ਤਾਂ ਉਨ੍ਹਾਂ ਦਾ ਟੈਂਪੂ ਟਰੈਵਲਰ ਬੇਕਾਬੂ ਹੋ ਕੇ ਲੱਕੜ ਨਾਲ ਭਰੀ ਟਰੈਕਟਰ-ਟਰਾਲੀ ਵਿੱਚ ਜਾ ਵੱਜਿਆ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਕੁੱਝ ਹੋਰ ਜ਼ਖਮੀ ਹੋ ਗਏ। ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਟੈਂਪੂ ਟਰੈਵਲਰ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।