ਪੀਆਰਐੱਸਯੂ ਨੇ ਵਿਦਿਆਰਥੀ ਮੰਗਾਂ ਲਈ ਵਾਈਸ ਚਾਂਸਲਰ ਦਫ਼ਤਰ ਘੇਰਿਆ
ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 19 ਅਗਸਤ
ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਅੱਜ ਆਪਣੀਆਂ ਮੰਗਾਂ ਸਬੰਧੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪਹਿਲਾਂ ਪ੍ਰਦਰਸ਼ਨਕਾਰੀਆਂ ਨੂੰ ਯੂਨੀਵਰਸਿਟੀ ਮੇਨ ਗੇਟ ਕੋਲ ਰੋਕਿਆ ਵੀ ਗਿਆ, ਪ੍ਰੰਤੂ ਵਿਦਿਆਰਥੀ ਬੈਰੀਕੇਡ ਨੂੰ ਅਣਡਿੱਠ ਜਾਣਦਿਆਂ ਯੂਨੀਵਰਸਿਟੀ ਕੈਂਪਸ ਵਿੱਚ ਪਹੁੰਚਣ ’ਚ ਸਫ਼ਲ ਹੋ ਗਏ। ਇਸ ਦੌਰਾਨ ਵਿਦਿਆਰਥੀਆਂ ਨੇ ਵਾਈਸ ਚਾਂਸਲਰ ਦੇ ਨਾਂ ਮੰਗ ਪੱਤਰ ਵੀ ਅਥਾਰਟੀ ਨੂੰ ਸੌਂਪਿਆ। ਯੂਨੀਅਨ ਦੇ ਸੂਬਾ ਸਕੱਤਰ ਮਨਜੀਤ ਸਿੰਘ ਅਤੇ ਸੂਬਾ ਆਗੂ ਸਤਨਾਮ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਆਪਣੀਆਂ ਮੰਗਾਂ ਪੂਰੀਆਂ ਨਾ ਕਰਨ ਦੇ ਵਿਰੋਧ ਵਜੋਂ ਧਰਨਾ ਲਗਾਇਆ। ਆਗੂਆਂ ਨੇ ਕਿਹਾ ਕਿ ਸਮੂਹ ਵਿਦਿਆਰਥੀਆਂ ਤੋਂ ਹਜ਼ਾਰਾਂ ਰੁਪਏ ਪੀਟੀਏ ਫੰਡ ਵਸੂਲਿਆ ਜਾ ਰਿਹਾ ਹੈ। ਇਸ ਫੰਡ ਦਾ ਵਿਦਿਆਰਥੀਆਂ ਨੂੰ ਕੋਈ ਫਾਇਦਾ ਨਹੀਂ, ਬਲਕਿ ਇਸ ਫੰਡ ਵਿੱਚੋਂ ਅਧਿਆਪਕਾਂ ਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਜਦੋਂ ਕਿ ਕਰੋਨਾਵਾਇਰਸ ਮਹਾਮਾਰੀ ਕਾਰਨ ਲੋਕਾਂ ਦੀ ਆਰਥਿਕਤਾ ਡਾਵਾਂਡੋਲ ਹੋ ਗਈ ਹੈ ਜਿਸ ਕਰਕੇ ਵਿਦਿਆਰਥੀ ਆਪਣੀ ਫੀਸ ਨਹੀਂ ਭਰ ਸਕਦੇ, ਇਸ ਲਈ ਵਿਦਿਆਰਥੀਆਂ ਦੀ ਸਾਰੇ ਸਾਲ ਦੀ ਪੂਰੀ ਫੀਸ ਮੁਆਫ਼ ਕੀਤੀ ਜਾਵੇ। ਇਸ ਮੌਕੇ ਨਵੀਂ ਸਿੱਖਿਆ ਨੀਤੀ ‘ਤੇ ਨਿੱਜੀਕਰਨ, ਭਗਵਾਂਕਰਨ ਤੇ ਵਪਾਰੀਕਰਨ ਨੂੰ ਬੜ੍ਹਾਵਾ ਦੇਣ ਦੇ ਦੋਸ਼ ਲਾਉਂਦਿਆਂ ਖ਼ਦਸ਼ਾ ਜਾਹਿਰ ਕੀਤਾ ਗਿਆ ਕਿ ਇਸ ਨੀਤੀ ਰਾਹੀਂ ਸਿਲੇਬਸਾਂ ਵਿੱਚੋ ਧਰਮ-ਨਿਰਪੱਖਤਾ ਤੇ ਲੋਕਤੰਤਰ ਵਾਲੇ ਪਾਠਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਨੀਤੀ ਨੂੰ ਫੌਰੀ ਰੱਦ ਕੀਤਾ ਜਾਵੇ। ਆਗੂਆਂ ਨੇ ਆਖਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਿਸ ਅਧੀਨ ਦਲਿਤ ਵਰਗ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਤੱਕ ਸਾਰੀ ਨਾ ਮੁੜਨਯੋਗ ਫੀਸ ਨਹੀਂ ਭਰਨੀ ਪੈਂਦੀ ਸੀ, ਦਾ ਪ੍ਰਾਈਵੇਟ ਵਿੱਦਿਅਕ ਸੰਸਥਾਵਾਂ ਵਿੱਚ ਇੱਕ ਤਰ੍ਹਾਂ ਨਾਲ ਭੋਗ ਹੀ ਪਾ ਦਿੱਤਾ ਗਿਆ ਹੈ।
ਆਗੂਆਂ ਨੇ ਕਿਹਾ ਕਿ ਯੂਨੀਅਨ ਮੰਗ ਕਰਦੀ ਹੈ ਕਿ ਇਸ ਸਕੀਮ ਨੂੰ ਸੰਸਥਾਵਾਂ ਵਿੱਚ ਸਹੀ ਢੰਗ ਨਾਲ ਲਾਗੂ ਕੀਤਾ ਜਾਵੇ ਅਤੇ ਸਕੀਮ ਦੇ ਬਜਟ ਵਿੱਚ ਵਾਧਾ ਕੀਤਾ ਜਾਵੇ। ਇਸ ਮੌਕੇ ਵਿਦਿਆਰਥੀਆਂ ਸਬੰਧੀ ਕਈ ਹੋਰ ਮੰਗਾਂ ਤੇ ਮਸਲੇ ਵੀ ਉਠਾਏ ਗਏ। ਆਗੂਆਂ ਨੇ ਦੱਸਿਆ ਕਿ ਰੋਸ ਧਰਨੇ ਦੇ ਅਸਰ ਵਜੋਂ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਹੋਈ ਗੱਲਬਾਤ ਦੌਰਾਨ ਪੀਟੀਏ ਫੰਡ ਨੂੰ ਵਾਪਸ ਕਰਨ ਤੇ ਫੀਸ ਕਿਸ਼ਤਾਂ ਵਿੱਚ ਲੈਣ ਦਾ ਨੋਟਿਸ ’ਵਰਸਿਟੀ ਪ੍ਰਸ਼ਾਸਨ ਨੇ ਮੌਕੇ ’ਤੇ ਜਾਰੀ ਕਰ ਦਿੱਤਾ ਅਤੇ ਬਾਕੀ ਰਹਿੰਦੀਆਂ ਮੰਗਾਂ ਬਾਰੇ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ ਮਸਲੇ ਸੁਲਝਾਉਣ ਦਾ ਭਰੋਸਾ ਦਿੱਤਾ।