ਆਬਕਾਰੀ ਪੁਲੀਸ ਵਿਭਾਗ ਦੀ ਸੂਬਾਈ ਵਰਕਸ਼ਾਪ
ਖੇਤਰੀ ਪ੍ਰਤੀਨਿਧ
ਪਟਿਆਲਾ, 4 ਜੁਲਾਈ
ਆਬਕਾਰੀ ਪੁਲੀਸ ਵਿਭਾਗ ਵੱਲੋਂ ਵੱਖ-ਵੱਖ ਕਾਨੂੰਨੀ ਪ੍ਰਕਿਰਿਆਵਾਂ ਅਤੇ ਨਿਯਮਾਂ ਸਬੰਧੀ ਅੱਜ ਪਟਿਆਲਾ ਵਿੱਚ ਵਰਕਸ਼ਾਪ ਕਰਵਾਈ ਗਈ। ਇਸ ਵਿਚ ਸੂਬੇ ਦੇ ਸਮੂਹ ਪੁਲੀਸ ਆਬਕਾਰੀ ਮੁਖੀਆਂ ਨੇ ਹਿੱਸਾ ਲਿਆ ਤੇ ਇਸ ਮੌਕੇ ਅੰਤਰ-ਰਾਜੀ ਪੱਧਰ ’ਤੇ ਹੁੰਦੀ ਸ਼ਰਾਬ ਤਸਕਰੀ ਠੱੱਲ੍ਹਣ ਸਣੇ ਹੋਰ ਮੁੱਦੇ ਵਿਚਾਰੇ ਗਏ। ਏਆਈਜੀ ਗੁਰਜੋਤ ਸਿੰਘ ਕਲੇਰ ਨੇ ਦੱਸਿਆ ਕਿ ਵਿੱਤ ਕਮਿਸ਼ਨਰ ਕਰ ਵਿਕਾਸ ਪ੍ਰਤਾਪ ਅਤੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਵੱਲੋਂ ਪੁਲੀਸ ਅਤੇ ਆਬਕਾਰੀ ਵਿਭਾਗ ਦਰਮਿਆਨ ਸਹਿਯੋਗ ਅਤੇ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਜਾਰੀ ਹਦਾਇਤਾਂ ’ਤੇ ਵੀ ਲੰਮੀ ਚਰਚਾ ਕੀਤੀ ਗਈ। ਅਧਿਕਾਰੀਆਂ ਦਾ ਕਹਿਣਾ ਸੀ ਕਿ ਚੰਡੀਗੜ੍ਹ, ਹਰਿਆਣਾ ਅਤੇ ਰਾਜਸਥਾਨ ਤੋਂ ਸ਼ਰਾਬ ਖ਼ਰੀਦ ਕੇ ਲਿਆਉਣ ਅਤੇ ਬਾਹਰਲੇ ਸੂਬਿਆਂ ਦੀ ਸ਼ਰਾਬ ਪੰਜਾਬ ਵਿਚ ਵੇਚਣ ਦੇ ਰੁਝਾਨ ਨੂੰ ਮੁਕੰਮਲ ਰੂਪ ਵਿਚ ਠੱਲ੍ਹਣ ’ਤੇ ਡੂੰਘਾਈ ਨਾਲ ਵਿਚਾਰਾਂ ਕੀਤੀਆਂ ਗਈਆਂ। ਖ਼ਾਸ ਕਰ ਕੇ ਹਰਿਆਣਾ ਅਤੇ ਸ਼ਰਾਬ ਤਸਕਰਾਂ ਖ਼ਿਲਾਫ਼ ਸਾਂਝੇ ਅਪਰੇਸ਼ਨ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸਫ਼ਲ ਬਣਾਉਣ ’ਤੇ ਵੀ ਜ਼ੋਰ ਦਿੱਤਾ ਗਿਆ।
ਏਆਈਜੀ ਨੇ ਦੱਸਿਆ ਕਿ ਵਰਕਸ਼ਾਪ ਦੌਰਾਨ ਆਬਕਾਰੀ ਪੁਲੀਸ ਨੂੰ ਗੈਰ-ਕਾਨੂੰਨੀ ਢੰਗ ਨਾਲ ਕੱਢੀ ਸ਼ਰਾਬ ਦੇ ਉਤਪਾਦਨ ਅਤੇ ਵਿਕਰੀ ਦੇ ਟਿਕਾਣਿਆਂ ਦੀ ਪਛਾਣ ਕਰਨ ਪ੍ਰਤੀ ਜਾਗਰੂਕ ਕਰਨ ਲਈ ਇੱਕ ਪਾਵਰ ਪੁਆਇੰਟ ਪੇਸ਼ਕਾਰੀ ਵੀ ਦਿੱਤੀ ਗਈ। ਨਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਵੱਲੋਂ ਵਰਤੀਆਂ ਜਾ ਰਹੀਆਂ ਨਵੀਆਂ ਚਾਲਾਂ ਬਾਰੇ ਵੀ ਚਰਚਾ ਹੋਈ। ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਤਜਰਬੇ ਅਤੇ ਸਫਲਤਾਵਾਂ ਸਾਂਝੀਆਂ ਕੀਤੀਆਂ। ਵਰਕਸ਼ਾਪ ਪੁਲੀਸ ਜਾਂਚ ਨੂੰ ਪੂਰੀ ਤਰ੍ਹਾਂ ਪੇਸ਼ੇਵਰ ਅਤੇ ਨਿਰਪੱਖ ਢੰਗ ਨਾਲ ਕਰਨ ਦੇ ਤਰੀਕਿਆਂ ’ਤੇ ਕੇਂਦਰਤ ਸੀ।