ਸੂਬਾਈ ਸਕੂਲ ਖੇਡਾਂ: ਹਾਕੀ ਤੇ ਕ੍ਰਿਕਟ ’ਚ ਮੁਹਾਲੀ ਕੁਆਰਟਰ ਫਾਈਨਲ ਵਿੱਚ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 6 ਨਵੰਬਰ
ਸਕੂਲ ਸਿੱਖਿਆ ਵਿਭਾਗ ਵੱਲੋਂ ਇੱਥੇ ਕ੍ਰਿਕਟ ਅਤੇ ਹਾਕੀ ਦੇ ਕਰਾਏ ਜਾ ਰਹੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਮੇਜ਼ਬਾਨ ਮੁਹਾਲੀ ਨੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਲੜਕੀਆਂ ਦੇ ਹਾਕੀ ਦੇ ਪ੍ਰੀ-ਕੁਆਰਟਰ ਫਾਈਨਲ ਮੈਚਾਂ ਦਾ ਉਦਘਾਟਨ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਕੀਤਾ। ਪਹਿਲੇ ਮੈਚ ਵਿਚ ਪੀਆਈਐੱਸ ਮੁਹਾਲੀ ਨੇ ਰੂਪਨਗਰ ਨੂੰ 5-0 ਨਾਲ ਮਾਤ ਦਿੱਤੀ। ਪੀਆਈਐੱਸ ਬਠਿੰਡਾ ਨੇ ਫ਼ਰੀਦਕੋਟ ਨੂੰ 3-0 ਨਾਲ ਹਰਾਇਆ। ਇਸ ਤਰ੍ਹਾਂ ਤਰਨ ਤਾਰਨ ਨੇ ਬਠਿੰਡਾ ਨੂੰ 3-0 ਨਾਲ, ਖਾਲਸਾ ਵਿੰਗ ਸ੍ਰੀ ਅੰਮ੍ਰਿਤਸਰ ਨੇ ਬਰਨਾਲਾ ਨੂੰ 6-0 ਨਾਲ, ਲੁਧਿਆਣਾ ਨੇ ਸੰਗਰੂਰ ਨੂੰ 4-0 ਨਾਲ ਅਤੇ ਮਾਲੇਰਕੋਟਲਾ ਨੇ ਮੋਗਾ ਨੂੰ 4-0 ਨਾਲ ਹਰਾਇਆ।
ਚੱਪੜਚਿੜੀ ਦੀ ਚੈਂਪੀਅਨਜ਼ ਕ੍ਰਿਕਟ ਅਕੈਡਮੀ ਵਿੱਚ ਚੱਲ ਰਹੇ 19 ਸਾਲ ਵਰਗ ਦੇ ਲੜਕਿਆਂ ਦੇ ਮੁਕਾਬਲਿਆਂ ਦੇ ਅੱਜ ਪ੍ਰੀ-ਕੁਆਰਟਰ ਫਾਈਨਲ ਮੈਚਾਂ ਦਾ ਉਦਘਾਟਨ ਕ੍ਰਿਸ਼ਨ ਮਹਿਤਾ ਨੇ ਕੀਤਾ। ਪਹਿਲੇ ਮੈਚ ਵਿਚ ਮੇਜ਼ਬਾਨ ਮੁਹਾਲੀ ਨੇ ਫ਼ਤਹਿਗੜ੍ਹ ਸਾਹਿਬ ਨੂੰ 35 ਦੌੜਾਂ ਨਾਲ ਹਰਾਇਆ। ਇਸ ਤਰ੍ਹਾਂ ਲੁਧਿਆਣਾ ਨੇ ਰੂਪਨਗਰ ਨੂੰ ਚਾਰ ਦੌੜਾਂ ਨਾਲ ਮਾਤ ਦਿੱਤੀ। ਗੁਰਦਾਸਪੁਰ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ, ਮੋਗਾ ਨੇ ਮਾਨਸਾ ਨੂੰ 7 ਵਿਕਟਾਂ ਨਾਲ, ਫ਼ਤਹਿਗੜ੍ਹ ਸਾਹਿਬ ਨੇ ਮਾਲੇਰਕੋਟਲਾ ਨੂੰ, ਪਟਿਆਲਾ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਤੇ ਸ਼ਹੀਦ ਭਗਤ ਸਿੰਘ ਨਗਰ ਨੇ ਬਰਨਾਲਾ ਨੂੰ ਹਰਾਇਆ। ਕ੍ਰਿਸ਼ਨ ਮਹਿਤਾ ਨੇ ਦੱਸਿਆ ਕਿ ਮੁਹਾਲੀ, ਲੁਧਿਆਣਾ, ਗੁਰਦਾਸਪੁਰ ਤੇ ਮੋਗਾ ਦੀਆਂ ਟੀਮਾਂ ਕੁਆਰਟਰ ਫਾਈਨਲ ਵਿੱਚ ਪੁੱਜ ਗਈਆਂ ਹਨ।