ਮੁੱਖ ਮੰਤਰੀ ਦੀ ਕੋਠੀ ਅੱਗੇ ਅਨਏਡਿਡ ਅਧਿਆਪਕਾਂ ਵੱਲੋਂ ਸੂਬਾਈ ਧਰਨਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਅਗਸਤ
ਇੱਥੇ ਮੁੱਖ ਮੰਤਰੀ ਦੀ ਕੋਠੀ ਅੱਗੇ ਅਨਏਡਿਡ ਸਟਾਫ ਫਰੰਟ ਪੰਜਾਬ ਦੀ ਅਗਵਾਈ ਹੇਠ ਏਡਿਡ ਸਕੂਲਾਂ ਵਿਚ ਕੰਮ ਕਰਦੇ ਅਨਏਡਿਡ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਵੱਲੋਂ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਮੰਗ ਕੀਤੀ ਗਈ ਕਿ ਏਡਿਡ ਸਕੂਲਾਂ ਵਿੱਚ ਕੰਮ ਕਰਦੇ ਅਨਏਡਿਡ ਸਟਾਫ ਦੀਆਂ ਸੇਵਾਵਾਂ ਸਰਕਾਰੀ ਸਕੂਲਾਂ ਦੀ ਤਰਜ਼ ਅਨੁਸਾਰ ਰੈਗੂਲਰ ਕੀਤੀਆਂ ਜਾਣ।
ਅੱਜ ਪੰਜਾਬ ਭਰ ਤੋਂ ਏਡਿਡ ਸਕੂਲਾਂ ਵਿਚ ਕੰਮ ਕਰਦੇ ਅਧਿਆਪਕ ਅਤੇ ਸਟਾਫ਼ ਦੇ ਮੁਲਾਜ਼ਮ ਇੱਥੇ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ ਦੇ ਬਾਈਪਾਸ ਦੇ ਓਵਰਬ੍ਰਿਜ ਹੇਠਾਂ ਇਕੱਠੇ ਹੋਏ ਜਿੱਥੇ ਰੋਸ ਰੈਲੀ ਕੀਤੀ ਗਈ। ਇਸ ਮਗਰੋਂ ਮਾਰਚ ਕਰਦਿਆਂ ਪ੍ਰਦਰਸ਼ਨਕਾਰੀ ਜਿਉਂ ਹੀ ਮੁੱਖ ਮੰਤਰੀ ਦੀ ਕੋਠੀ ਵੱਲ ਵਧੇ ਤਾਂ ਪੁਲੀਸ ਵੱਲੋਂ ਬੈਰੀਕੇਡ ਲਗਾ ਕੇ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ਅੱਗੇ ਰੋਕ ਲਿਆ ਜਿੱਥੇ ਪ੍ਰਦਰਸ਼ਨਕਾਰੀਆਂ ਵੱਲੋਂ ਧਰਨਾ ਦਿੱਤਾ ਗਿਆ। ਅਨਏਡਿਡ ਸਟਾਫ਼ ਫਰੰਟ ਪੰਜਾਬ ਏਡਿਡ ਸਕੂਲ ਦੇ ਪ੍ਰਧਾਨ ਨਿਰਭੈ ਸਿੰਘ ਜਹਾਂਗੀਰ ਨੇ ਕਿਹਾ ਕਿ ਪੰਜਾਬ ਵਿਚ 484 ਏਡਿਡ ਸਕੂਲ ਹਨ ਜੋ ਪੰਜਾਬ ਸਰਕਾਰ ਤੋਂ ਸਹਾਇਤਾ ਪ੍ਰਾਪਤ ਹਨ ਅਤੇ 95 ਫੀਸਦੀ ਗਰਾਂਟ ਇਨ-ਏਡ ’ਤੇ ਚੱਲ ਰਹੇ ਹਨ।
ਉਨ੍ਹਾਂ ਕਿਹਾ ਕਿ 2002-03 ਵਿਚ ਪੰਜਾਬ ਸਰਕਾਰ ਨੇ ਏਡਿਡ ਸਕੂਲਾਂ ਵਿਚ ਨਵੀਂ ਭਰਤੀ ਉਪਰ ਰੋਕ ਲਗਾਈ ਸੀ ਜਿਸ ਮਗਰੋਂ ਕੋਈ ਭਰਤੀ ਨਹੀਂ ਕੀਤੀ। ਸਕੂਲਾਂ ਵਿਚ ਏਡਿਡ ਅਸਾਮੀਆਂ ’ਤੇ ਕੰਮ ਕਰਨ ਵਾਲੇ ਅਧਿਆਪਕਾਂ ਦੇ ਸੇਵਾ ਮੁਕਤ ਹੋਣ ਕਾਰਨ ਗਿਣਤੀ ਘੱਟ ਰਹਿ ਗਈ ਹੈ। ਉਨ੍ਹਾਂ ਦੀ ਥਾਂ 2002-03 ਤੋਂ ਅਨਏਡਿਡ ਅਧਿਆਪਕਾਂ ਵੱਲੋਂ ਸਕੂਲਾਂ ਦਾ ਸਮੁੱਚਾ ਕੰਮਕਾਜ ਕਰਕੇ ਸਕੂਲਾਂ ਨੂੰ ਚਾਲੂ ਹਾਲਤ ਵਿਚ ਰੱਖਿਆ ਹੋਇਆ ਹੈ। ਅਨਏਡਿਡ ਅਧਿਆਪਕਾਂ ਨੂੰ ਮਿਲਦੀ ਬਹੁਤ ਘੱਟ ਤਨਖਾਹ ’ਤੇ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਜਿਹੜੇ ਅਨਏਡਿਡ ਅਧਿਆਪਕ ਏਡਿਡ ਸਕੂਲਾਂ ਵਿਚ ਕੰਮ ਕਰਦੇ ਹਨ, ਉਨ੍ਹਾਂ ਨੂੰ ਸਰਕਾਰੀ ਸਕੂਲਾਂ ਦੀ ਤਰਜ਼ ਅਨੁਸਾਰ ਸਕੀਮ ਲਾਗੂ ਕਰਕੇ ਪੱਕਾ ਕੀਤਾ ਜਾਵੇ, ਘੱਟ ਯੋਗਤਾ ਵਾਲੇ ਅਧਿਆਪਕਾਂ ਨੂੰ ਯੋਗਤਾ ਪੂਰੀ ਕਰਨ ਦਾ ਮੌਕਾ ਦਿੱਤਾ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਥੇਬੰਦੀ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ 30 ਅਗਸਤ 2023 ਨੂੰ ਚੰਡੀਗੜ੍ਹ ਵਿੱਚ ਪੈਨਲ ਮੀਟਿੰਗ ਨਿਸ਼ਚਿਤ ਕਰਵਾਈ ਗਈ ਜਿਸ ਸਬੰਧੀ ਬਕਾਇਦਾ ਪੱਤਰ ਵੀ ਸੌਂਪਿਆ ਗਿਆ ਜਿਸ ਮਗਰੋਂ ਧਰਨਾ ਸਮਾਪਤ ਹੋਇਆ।