ਸੂਬਾਈ ਕ੍ਰਿਕਟ ਮੁਕਾਬਲੇ: ਮੋਗਾ ਜ਼ਿਲ੍ਹੇ ਦੀ ਟੀਮ ਚੈਂਪੀਅਨ
ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 9 ਨਵੰਬਰ
ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ 19 ਸਾਲਾ ਵਰਗ ਦੇ ਲੜਕਿਆਂ ਦੇ ਸੂਬਾ ਪੱਧਰੀ ਕ੍ਰਿਕਟ ਮੁਕਾਬਲੇ ਚੱਪੜਚਿੜੀ ਦੀ ਚੈਂਪੀਅਨਜ਼ ਕ੍ਰਿਕਟ ਅਕੈਡਮੀ ਵਿੱਚ ਮੁਕੰਮਲ ਹੋਏ। ਇਸ ਟੂਰਨਾਮੈਂਟ ਵਿੱਚ ਮੋਗਾ ਦੀ ਟੀਮ ਚੈਂਪੀਅਨ ਬਣੀ।
ਫਾਈਨਲ ਮੈਚ ਮੋਗਾ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਪਹਿਲਾਂ ਬੱਲਬਾਜ਼ੀ ਕਰਦਿਆਂ ਅੰਮ੍ਰਿਤਸਰ ਸਾਹਿਬ ਦੀ ਟੀਮ ਦੇ ਕ੍ਰਿਸ਼ਨ ਚੰਦਨ 57 ਅਤੇ ਅਭਿਨਵ ਕਪਿਲ ਦੇ 33 ਦੌੜਾਂ ਦੇ ਯੋਗਦਾਨ ਦੇ ਬਾਵਜੂਦ ਨਿਰਧਾਰਤ 20 ਓਵਰਾਂ ਵਿੱਚ ਪੰਜ ਵਿਕਟਾਂ ’ਤੇ 138 ਦੌੜਾਂ ਹੀ ਬਣਾ ਸਕੀ। ਮੋਗਾ ਦੀ ਟੀਮ ਨੇ ਇੱਕ ਵਿਕਟ ਗੁਆ ਕੇ 19ਵੇਂ ਓਵਰ ਵਿੱਚ ਹੀ ਜੇਤੂ ਟੀਚਾ ਪੂਰਾ ਕਰ ਲਿਆ। ਮੋਗਾ ਦੇ ਬੱਲੇਬਾਜ਼ ਹਰੀਸ਼ ਨੇ ਨਾਬਾਦ 64 ਅਤੇ ਸਿਧਾਰਥ ਨੇ 58 ਦੌੜਾਂ ਦਾ ਮਹੱਤਪੂਰਨ ਯੋਗਦਾਨ ਪਾਇਆ। ਲੁਧਿਆਣਾ ਜ਼ਿਲ੍ਹੇ ਦੀ ਟੀਮ ਫ਼ਰੀਦਕੋਟ ਨੂੰ ਹਰਾ ਕੇ ਤੀਜੇ ਸਥਾਨ ’ਤੇ ਰਹੀ।
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਇਨਾਮਾਂ ਦੀ ਵੰਡ ਕੀਤੀ। ਕ੍ਰਿਸ਼ਨ ਮਹਿਤਾ ਨੇ ਦੱਸਿਆ ਕਿ ਜੇਤੂ ਟੀਮ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰੇਗੀ।