ਪੰਜਾਬੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਦੇ ਸੂਬਾਈ ਮੁਕਾਬਲੇ
ਸਤਵਿੰਦਰ ਬਸਰਾ
ਲੁਧਿਆਣਾ, 13 ਨਵੰਬਰ
ਨਿਰਦੇਸ਼ਕ ਭਾਸ਼ਾ ਵਿਭਾਗ, ਪੰਜਾਬ ਦੀ ਦੇਖ-ਰੇਖ ਹੇਠ ਇੱਥੋਂ ਦੇ ਸਰਕਾਰੀ ਕਾਲਜ ਲੜਕੀਆਂ ਵਿੱਚ ਵਿਦਿਆਰਥੀਆਂ ਦੇ ਸੂਬਾ ਪੱਧਰੀ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਭਾਸ਼ਾ ਅਧਿਕਾਰੀ ਡਾ. ਸੰਦੀਪ ਸ਼ਰਮਾ ਨੇ ਦੱਸਿਆ ਕਿ ਭਾਸ਼ਾ ਵਿਭਾਗ ਵੱਲੋਂ ਨਵੰਬਰ ਮਹੀਨੇ ਨੂੰ ਪੰਜਾਬੀ ਮਾਹ ਵਜੋਂ ਮਨਾਇਆ ਜਾ ਰਿਹਾ ਹੈ ਤੇ ਇਸ ਤਹਿਤ ਇਹ ਮੁਕਾਬਲੇ ਕਰਵਾਏ ਗਏ ਹਨ। ਇਸ ਦੌਰਾਨ ਕਾਲਜ ਦੀ ਪ੍ਰਿੰਸੀਪਲ ਸੁਮਨ ਲਤਾ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਡਾ. ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੀਆਂ ਚਾਰ ਵੰਨਗੀਆਂ ਵਿੱਚ ਜ਼ਿਲ੍ਹਾ ਪੱਧਰ ਉੱਤੇ ਆਪੋ-ਆਪਣੀ ਵੰਨਗੀ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੇ ਹਿੱਸਾ ਲਿਆ। ਕਵਿਤਾ ਗਾਇਨ ਦੀ ਵੰਨਗੀ ਵਿੱਚ ਸੁਲਤਾਨਾ ਖ਼ਾਤੂਨ, ਨਾਮਿਆ ਅਰੋੜਾ ਅਤੇ ਨਿਹਾਰਿਕਾ, ਲੇਖ ਮੁਕਾਬਲੇ ਵਿੱਚ ਸਵੈਨ ਸਹੋਤਾ, ਦਿਲਪ੍ਰੀਤ ਕੌਰ ਅਤੇ ਗੁਰਸਿਮਰਨ ਕੌਰ, ਕਵਿਤਾ ਸਿਰਜਣਾ ਵਿੱਚ ਅੰਜਨਵੀਰ ਸਿੰਘ, ਤਫ਼ਾਕ ਅਤੇ ਨੰਦਨੀ ਸ਼ਰਮਾ, ਕਹਾਣੀ ਸਿਰਜਣਾ ਵਿੱਚ ਹਰਦੀਪ ਕੌਰ, ਸੁਨੈਨਾ ਅਤੇ ਹਰਮਨਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਨਕਦ ਇਨਾਮੀ ਰਾਸ਼ੀ ਅਤੇ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਜਤਿੰਦਰ ਹਾਂਸ, ਤ੍ਰੈਲੋਚਨ ਲੋਚੀ, ਪ੍ਰੋ. ਸੁਰਿੰਦਰ ਖੰਨਾ, ਡਾ. ਚਰਨਜੀਤ ਸਿੰਘ, ਹਰਲੀਨ ਸੋਨਾ, ਡਾ. ਜਸਲੀਨ ਕੌਰ, ਪ੍ਰੋ. ਰਮਨ ਖੰਨਾ, ਇੰਦਰਪਾਲ ਸਿੰਘ, ਡਾ. ਸੀਮਾ ਰਾਣੀ ਤੇ ਅੰਕੁਸ਼ ਕੁਮਾਰ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਸ ਮੌਕੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਆਸ ਪ੍ਰਗਟਾਈ ਕਿ ਇਹ ਵਿਦਿਆਰਥੀ ਭਵਿੱਖ ਵਿੱਚ ਆਪੋ-ਆਪਣੇ ਖੇਤਰ ਵਿੱਚ ਵੱਡਾ ਮੁਕਾਮ ਹਾਸਲ ਕਰਨਗੇ।