ਜ਼ਿਲ੍ਹੇ ਦੀਆਂ ਲਾਇਬਰੇਰੀਆਂ ਨੂੰ ਸ਼ਤਰੰਜ ਬੋਰਡ ਮੁਹੱਈਆ ਕਰਵਾਏ
ਪੱਤਰ ਪ੍ਰੇਰਕ
ਮਾਨਸਾ, 31 ਜੁਲਾਈ
ਮਾਨਸਾ ਦੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਕਿਹਾ ਕਿ ਸ਼ਤਰੰਜ ਖੇਡਣ ਦੇ ਚਾਹਵਾਨ ਬੱਚਿਆਂ ਨੂੰ ਲਾਇਬ੍ਰੇਰੀਆਂ ਵਿਚ ਮਾਹਰ ਕੋਚ ਵੱਲੋਂ ਸ਼ਤਰੰਜ ਦੀ ਸਿਖਲਾਈ ਦਿੱਤੀ ਜਾਵੇਗੀ। ਉਹ ਅੱਜ ਜ਼ਿਲ੍ਹੇ ਦੇ 10 ਪਿੰਡਾਂ ਦੀਆਂ ਲਾਇਬਰੇਰੀਆਂ ਨੂੰ 40 ਸ਼ਤਰੰਜ ਬੋਰਡ (ਪ੍ਰਤੀ ਲਾਇਬਰੇਰੀ 4) ਮੁਹੱਈਆ ਕਰਵਾਉਣ ਮੌਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਡੀਸੀ ਨੇ ਕਿਹਾ ਕਿ ਸ਼ਤਰੰਜ ਦਿਮਾਗ ਦੀ ਖੇਡ ਹੈ, ਜਿਸ ਨਾਲ ਬੱਚਿਆਂ ਦਾ ਬੌਧਿਕ ਵਿਕਾਸ ਹੁੰਦਾ ਹੈ ਅਤੇ ਉਨ੍ਹਾਂ ਦੀ ਕਾਰਜਕੁਸ਼ਲਤਾ ਤੇ ਸੋਚਣ ਸ਼ਕਤੀ ਵਿਚ ਵਾਧਾ ਹੁੰਦਾ ਹੈ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੱਧ ਤੋਂ ਵੱਧ ਬੱਚਿਆਂ ਦੀ ਸ਼ਨਾਖਤ ਕਰਨ ਲਈ ਕਿਹਾ, ਜੋ ਸ਼ਤਰੰਜ ਖੇਡਣ ਵਿਚ ਦਿਲਚਸਪੀ ਰੱਖਦੇ ਹੋਣ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿਖਲਾਈ ਲਈ ਪ੍ਰੇਰਨਾਮਈ ਮਾਹੌਲ ਦੇਣਾ ਜ਼ਰੂਰੀ ਹੈ। ਇਸ ਲਈ ਹਰ ਮਹੀਨੇ ਸ਼ਤਰੰਜ ਮੁਕਾਬਲੇ ਵੀ ਕਰਵਾਏ ਜਾਣਗੇ, ਅੱਵਲ ਆਉਣ ਵਾਲੇ ਬੱਚਿਆਂ ਲਈ ਨਗ਼ਦ ਇਨਾਮ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਇਸ ਖੇਡ ਪ੍ਰਤੀ ਰੁਝਾਨ ਵਧਾਉਣਾ ਸਾਡੀ ਜ਼ਿੰਮੇਵਾਰੀ ਹੈ।