ਮਾਣਮੱਤਾ ਦੇਸ਼ਭਗਤ
ਤੇਜਾ ਸਿੰਘ ਤਿਲਕ
ਪੁਸਤਕ ਚਰਚਾ
ਅਣਗੌਲਿਆ ਆਜ਼ਾਦੀ ਘੁਲਾਟੀਆ ਮਾ. ਗੱਜਣ ਸਿੰਘ ਗੋਬਿੰਦਗੜ੍ਹ (ਕੀਮਤ: 180 ਰੁਪਏ; ਸਪਤਰਿਸ਼ੀ, ਚੰਡੀਗੜ੍ਹ) ਕਿੱਸਾ ਸਾਹਿਤ ਅਤੇ ਪੰਜਾਬ ਦੇ ਇਨਕਲਾਬੀ ਵਿਰਸੇ ਨਾਲ ਸਬੰਧਿਤ ਕਵਿਤਾ ਤੇ ਆਜ਼ਾਦੀ ਲਈ ਲੜਨ ਵਾਲੇ ਯੋਧਿਆਂ ਦੇ ਜੀਵਨ ਬਾਰੇ ਵਿਸ਼ੇਸ਼ ਖੋਜ ਕਰਨ ਵਾਲੇ ਡਾ. ਗੁਰਦੇਵ ਸਿੰਘ ਸਿੱਧੂ ਦੀ ਨਵੀਂ ਪੁਸਤਕ ਹੈ।
ਇਹ ਪੁਸਤਕ ਚੀਨ, ਰੂਸ ਤੇ ਹੋਰ ਦੇਸ਼ਾਂ ਵਿੱਚ ਜਾ ਕੇ ਅੰਗਰੇਜ਼ਾਂ ਦੀ ਗ਼ੁਲਾਮੀ ਦਾ ਜੂਲਾ ਗਲੋਂ ਲਾਹੁਣ ਦਾ ਯਤਨ ਕਰਨ ਵਾਲੇ ਇੱਕ ਅਣਗੌਲੇ ਆਜ਼ਾਦੀ ਘੁਲਾਟੀਏ ਮਾਸਟਰ ਗੱਜਣ ਸਿੰਘ ਗੋਬਿੰਦਗੜ੍ਹ ਦੀ ਜੀਵਨੀ ਹੈ। ਪੁਸਤਕ ਦੇ 10 ਅਧਿਆਇ ਹਨ।
ਮਾ. ਗੱਜਣ ਸਿੰਘ ਦਾ ਜਨਮ ਗੋਬਿੰਦਗੜ੍ਹ, ਲੁਧਿਆਣਾ ਵਿਖੇ ਕਿਸਾਨ ਪਰਿਵਾਰ ਵਿੱਚ ਹੋਇਆ। 1918 ਈ. ਵਿੱਚ ਉਹ ਸ਼ੰਘਾਈ (ਚੀਨ) ਜਾ ਪਹੁੰਚਿਆ। ਗੱਜਣ ਸਿੰਘ ਉੱਥੇ ਇੰਡੀਅਨ ਸਕੂਲ ਵਿੱਚ ਮਾਸਟਰ ਲੱਗ ਕੇ ਗ਼ਦਰੀ ਯੋਧਿਆਂ ਦਾ ਸਾਥ ਦੇਣ ਲੱਗਿਆ। ਹੋਟਲ ਦਾ ਕਾਰੋਬਾਰ ਕਰ ਲਿਆ। ਖਾਲਸਾ ਦੀਵਾਨ ਸ਼ੰਘਾਈ ਦਾ ਸਕੱਤਰ ਰਿਹਾ। ਦੇਸ਼ ਨਿਕਾਲਾ ਵੀ ਹੋਇਆ। ਕਲਕੱਤੇ ਪੁੱਜਣ ’ਤੇ ਕੈਦ ਕਰ ਲਿਆ ਗਿਆ। ਢਾਕਾ ਜੇਲ੍ਹ ਵਿੱਚ ਵੀ ਰੱਖਿਆ ਗਿਆ। ਉੱਥੋਂ ਲੁਧਿਆਣਾ (ਪੰਜਾਬ) ਦੀ ਜੇਲ੍ਹ ਭੇਜ ਦਿੱਤਾ। ਇੱਥੋਂ 6 ਅਪਰੈਲ 1923 ਨੂੰ ਰਿਹਾਅ ਹੋਇਆ। ਕਿਰਤੀ ਕਿਸਾਨ ਪਾਰਟੀ ਵਿੱਚ ਕੰਮ ਕਰਨ ਕਰਕੇ 1930 ਵਿੱਚ ਉਹ ਫਿਰ ਫੜਿਆ ਗਿਆ। ਸਿੰਧ ਸੂਬੇ ਵਿੱਚ ਵੀ ਗਿਆ। ਕਿਸਾਨ ਕਮੇਟੀ ’ਚ ਕੰਮ ਕੀਤਾ। ਰਿਆਸਤੀ ਮੁਜਾਰਾ ਲਹਿਰ ਵਿੱਚ ਵੀ ਭਾਗ ਲਿਆ। ਦੂਜੀ ਆਲਮੀ ਜੰਗ ਸਮੇਂ ਵੀ ਹੋਰ ਦੇਸ਼ਭਗਤਾਂ ਨਾਲ ਜੇਲ੍ਹ ਬੰਦ ਰਿਹਾ। ਆਜ਼ਾਦੀ ਪਿੱਛੋਂ ਅਸਲੀ ਆਜ਼ਾਦੀ ਦਾ ਸੁਪਨਾ ਪੂਰਾ ਨਾ ਹੋਇਆ ਦੇਖ ਉਹ ਘਰ ਬੈਠ ਗਿਆ ਤੇ ਬਾਕੀ ਸਮਾਂ ਪੜ੍ਹਨ ਤੇ ਖੇਤੀ ਵਿੱਚ ਗੁਜ਼ਾਰਿਆ। ਲੇਖਕ ਨੇ ਮਾਸਟਰ ਗੱਜਣ ਸਿੰਘ ਦੇ ਪਰਿਵਾਰ, ਸਾਥੀਆਂ ਤੇ ਸਰਕਾਰੀ ਰਿਕਾਰਡ ਖੰਗਾਲ ਕੇ ਜੀਵਨ ਇਤਿਹਾਸ ਤਿਆਰ ਕੀਤਾ ਹੈ।
ਸੰਪਰਕ: 98766-36159