ਬਾਹਰ ਨਿਕਲਦੇ ਪੈਰ
ਜਗਦੀਪ ਸਿੱਧੂ
ਜਦ ਵੀ ਆਪਣੇ ਸ਼ਹਿਰ ਜਾਂਦਾ ਹਾਂ ਤਾਂ ਕੁਝ ਵਧਿਆ, ਕੁਝ ਘਟਿਆ ਲੱਗਦਾ। ਘਰ ਦੇ ਸਾਹਮਣੇ ਵਾਲੇ ਆਪਣੇ ਸਕੂਲ ਦਸਮੇਸ਼
ਸਕੂਲ ਨੂੰ ਛੱਤ ’ਤੇ ਚੜ੍ਹ ਦੇਖਦਾਂ; ਕੰਧਾਂ ਉੱਚੀਆਂ ਹੋ
ਗਈਆਂ ਨੇ। ਮੁਢਲੀਆਂ ਕਲਾਸਾਂ ਨਿਹਾਰਦਾ ਹਾਂ ਜਿੱਥੇ ਪਹਿਲੀ, ਦੂਜੀ... ਪੜ੍ਹਿਆ। ਉਸ ਵਿਚ ਹੁਣ ਪਰਵਾਸੀ ਕਾਮੇ ਰਹਿੰਦੇ ਨੇ; ਉਹ ਰੋਟੀ-ਪਾਣੀ ਦੇ ਆਹਰ ਵਿਚ ਲੱਗੇ ਨੇ। ਲੱਗਦਾ, ਇਹ ਸਾਰੀ ਉਮਰ ਆਪਣੀਆਂ ਮੁਢਲੀਆਂ ਜ਼ਰੂਰਤਾਂ ’ਚੋਂ ਨਹੀਂ ਨਿਕਲ ਸਕਦੇ।
ਵੱਡੀਆਂ ਕਲਾਸਾਂ ਦਾ ਪਿਛਲਾ ਹਿੱਸਾ ਨਜ਼ਰ ਆਉਂਦਾ; ਇਸ ਦੀਆਂ ਕੰਧਾਂ ’ਤੇ ਮੈਂ ਕਿੱਕਾਂ ਮਾਰਦਾ ਸਾਂ। ਫੁਟਬਾਲ ਵਾਪਸ ਆ ਜਾਂਦੀ, ਕੰਧਾਂ ਵੀ ਮੇਰੇ ਨਾਲ ਖੇਡਦੀਆਂ ਰਹੀਆਂ ਨੇ।
ਜਿਸ ਤਰ੍ਹਾਂ ਦਸਮੇਸ਼ ਸਕੂਲ ਤੋਂ ਖੇਡਦਾ ਗਾਂਧੀ ਸਕੂਲ ਗਿਆ ਸਾਂ, ਉਸੇ ਤਰ੍ਹਾਂ ਵਰ੍ਹਿਆਂ ਬਾਅਦ ਗਾਂਧੀ ਸਕੂਲ ਗਿਆ। ਆਪਣੀ ਗਲੀ ਵਿਚੋਂ ਨਿਕਲਦਿਆਂ ਬਾਜ਼ਾਰ ਦੇ ਖੱਬੇ ਪਾਸੇ ਦੀਆਂ ਸਭ ਗਲ਼ੀਆਂ ਗਾਂਧੀ ਸਕੂਲ ਪਹੁੰਚਦੀਆਂ। ਤਦ ਖੇਡਣ ਵਾਲ਼ੇ ਬੂਟ ਹੱਥ ’ਚ ਫੜੇ ਹੁੰਦੇ ਤੇ ਦੂਸਰੇ (ਫਲੀਟ) ਬੂਟ ਪਹਿਨੇ ਹੁੰਦੇ।
ਹੁਣ ਮੋਟਰਸਾਈਕਲ ਗਲ਼ੀਆਂ ’ਚ ਇਉਂ ਘੁੰਮਦਾ, ਜਿਉਂ ਫੁੱਟਬਾਲ ਡ੍ਰਿਬਲ ਹੁੰਦੀ। ਘਰਾਂ ਦੇ ਪਛਾਣ ਚਿੰਨ੍ਹ ਬਦਲ ਗਏ ਨੇ, ਗਲ਼ੀਆਂ ਉਹੀ ਨੇ। ਕੁਝ ਘਰ ਪਛਾਣਨ ਦੀ ਕੋਸ਼ਿਸ਼ ਵਿਚ ਹਾਂ। ਘਰ ਤਾਂ ਰੰਗ ਨਾਲ ਵੀ ਬਦਲ ਜਾਂਦੇ।
ਪਹਿਲਾਂ ਸਵੇਰੇ ਗਿਆ, ਤਦ ਉਹ ਲੋਕ ਦਿਸੇ ਜਿਹੜੇ ਮੇਰੇ ਸੀਨੀਅਰ ਸਨ ਪਰ ਨਾਲ਼ ਖੇਡਦੇ ਸੀ। ਹੁਣ ਪੈਰਾਂ ’ਚ ਫੁੱਟਬਾਲ ਤਾਂ ਰੱਖਦੇ ਕਿ ਢਿੱਡ ਫੁਟਬਾਲ ਜਿਹਾ ਨਜ਼ਰ ਨਾ ਆਏ।
ਗਰਾਊਂਡ ’ਤੇ ਨਜ਼ਰ ਮਾਰੀ। ਸਭ ਆਪਣੀਆਂ ਪੁਜ਼ੀਸ਼ਨਾਂ ’ਤੇ ਨਜ਼ਰ ਆਏ। ਹੁਣ ਪਤਾ ਨਹੀਂ ਕੋਈ ਜ਼ਿੰਦਗੀ ਦੀ ਕਿਹੜੀ ਪੁਜ਼ੀਸ਼ਨ ’ਤੇ ਖੜ੍ਹਾ। ਗੋਲਕੀਪਰ ਰਾਮਪਾਲ ਚੇਤੇ ਆਇਆ। ਛੋਟੇ ਜਿਹੇ ਘੇਰੇ ’ਚ ਰਹਿੰਦਾ, ਸਭ ਤੋਂ ਮਹੱਤਵਪੂਰਨ ਸ਼ਖ਼ਸ; ਦੋਵੇਂ ਹੱਥ ਖੜ੍ਹੇ ਕਰ ਕੇ ਰੈਫਰੀ ਨੂੰ ਖੇਡ-ਸ਼ੁਰੂਆਤ ਵੇਲ਼ੇ ਆਪਣੀ ਸਹਿਮਤੀ ਦਿੰਦਾ ਹੋਇਆ। ਇਹ ਦੁਨੀਆ ਹੀ ਹੋਰ ਹੈ, ਹੱਥ ਖੜ੍ਹੇ ਕਰਨ ਦਾ ਮਤਲਬ ਹੀ ਅਲੱਗ ਹੈ। ਉਸ ਗ਼ਰੀਬ ਇਲਾਕੇ ਦੇ ਛੋਟੇ, ਪੁੰਗਰ ਰਹੇ ਬੱਚਿਆਂ ਨੂੰ ਉਹ ਤਾਂ ਵੀ ਖਾਸ ਲੱਗਦਾ ਹੋਣਾ ਕਿ ਪੂਰੀਆਂ ਬਾਹਾਂ ਵਾਲ਼ੀ ਜਰਸੀ ਉਸੇ ਦੇ ਹੀ ਪਾਈ ਹੁੰਦੀ।
ਦੂਸਰੇ ਦਿਨ ਆਥਣੇ ਆਉਣ ’ਤੇ ਮੈਨੂੰ ਪਤਾ ਲੱਗਣਾ ਹੈ ਕਿ ਜੈਲੀ ਨਹੀਂ ਰਿਹਾ। ਇਸੇ ਤਰ੍ਹਾਂ ਹੀ ਬੀਰਬੱਲਾ, ਗੋਰਾ, ਗੂਰੀ, ਬਿੱਲਾ ਨਹੀਂ ਰਹੇ। ਮੈਨੂੰ ਆਪਣੇ ਪੁੱਛਣ ਦਾ ਕਸੂਰ ਜਾਪਦਾ ਹੈ; ਲੱਗਦਾ, ਮੈਂ ਆ ਕੇ ਉਹਨਾਂ ਨੂੰ ਮਾਰਿਆ।
ਖੇਡਾਂ ਜ਼ਿਆਦਾਤਰ ਨਿਮਨ ਵਰਗ, ਨਿਮਨ ਮੱਧ ਵਰਗ ਦੇ ਬੱਚੇ ਹੀ ਖੇਡਦੇ ਨੇ। ਸ਼ੁਰੂਆਤ ਵਿਚ ਉਹਨਾਂ ਕੋਲ਼ ਹੋਰ ਮਨੋਰੰਜਨ ਦੇ ਸਾਧਨਾਂ ਦੀ ਘਾਟ ਹੋ ਸਕਦੀ ਹੈ, ਫਿਰ ਸ਼ਾਇਦ ਉਹਨਾਂ ਨੂੰ ਆਪਣੀ ਜ਼ਿੰਦਗੀ ਦਾ ਥਾਂ ਠਿਕਾਣਾ ਇਸ ਵਿਚੋਂ ਦਿਸਣ ਲੱਗ ਪੈਂਦਾ ਹੋਵੇ। ਬੀਰਬੱਲਾ ਗ਼ਰੀਬੀ ਦਾ ਮਾਰਿਆ ਕੰਧਾਂ, ਛੱਤਾਂ ਰੰਗਦਾ। ਨੰਗੇ ਪੈਰੀਂ, ਪੈਰਾਂ ’ਚ ਨੀਅ-ਕੈਪ ਪਾਈ ਖੇਡਦਾ।
ਬਲਬੀਰ ਦਾ ਜਾਣਾ ਮੈਂ ਪਹਿਲਾਂ ਸੁਣ ਲਿਆ ਸੀ। ਕਿੱਤੇ ਵਜੋਂ ਮੋਚੀ ਸੀ ਉਹ। ਕਾਬਿਲ ਮੋਚੀ; ਜਦੋਂ ਫੁੱਟਬਾਲ ਦਾ ਲਾਲ ਲਾਲ ਬਲੈਡਰ ਦਿਸਣ ਲੱਗਦਾ, ਉਹੀ ਸਿਉਂਦਾ। ਸਿਉਣ ਦਿੱਸਦੀ ਨਹੀਂ ਸੀ ਬਾਹਰੋਂ। ਬਲੈਡਰ ਲੀਕ ਕਰਦਾ, ਸਾਈਕਲ ਦੀ ਗੋਲੀ ਪਾ ਦਿੰਦਾ, ਫੁੱਟਬਾਲ ਕਾਫੀ ਦੇਰ ਚੱਲ ਜਾਂਦੀ।
ਸ਼ਾਮ ਨੂੰ ਬਾਜ਼ਾਰ ਵਿਚ ਵੀ ਉਹ ਲੋਕ ਨਹੀਂ ਹੁੰਦੇ ਸਨ ਤੇ ਗਰਾਊਂਡ ਵਿਚ ਵੀ। ਸ਼ਾਮੀਂ ਕੋਈ ਹੋਰ ਮੂਡ ਹੁੰਦਾ ਤੇ ਗਲ਼ੀ ਵੀ। ਇਕ ਪਾਸੇ ਵਾਲੀਵਾਲ ਖੇਡੀ ਜਾਂਦੀ। ਮਾਨਸਾ ਦੀ ਵਾਲੀਵਾਲ ਮੰਨੀ-ਪ੍ਰਮੰਨੀ ਸੀ। ਇਕ ਪਾਸੇ ਪੈਰਾਂ ਨਾਲ਼ ਖੇਡ ਰਹੇ ਹੁੰਦੇ, ਦੂਜੇ ਪਾਸੇ ਹੱਥਾਂ ਨਾਲ਼।
ਹੁਣ ਸ਼ਾਮੀਂ ਇਥੇ ‘ਸੈਵਨ ਸਾਈਡ’ ਲੀਗ ਚੱਲ ਰਹੀ ਹੈ। ਛੋਟਾ ਗਰਾਊਂਡ, ਇਕ ਟੀਮ ਵਿਚ ਸੱਤ ਜਣੇ। ਇਹ ਹੋਰ ਨੇੜਿਓਂ, ਹੋਰ ਖਹਿ ਕੇ ਖੇਡਣ ਦੀ ਇੱਛਾ, ਤਲਬ ਹੋਵੇਗੀ। ਤੇਜ਼ੀ ਵੀ ਇਸ ਦਾ ਇਕ ਕਾਰਨ ਹੋ ਸਕਦਾ। ਚੀਜ਼ਾਂ ਨੂੰ ਹੋਰ ਤਰੀਕੇ ਨਾਲ ਕਰਨਾ ਵੀ ਮਨੁੱਖੀ ਸੁਭਾਅ ਹੈ।
ਸਾਡੇ ਵੇਲੇ ਮੈਦਾਨ ਬਿਲਕੁਲ ਰੜਾ ਹੁੰਦਾ ਸੀ। ਹੁਣ ਬਹੁਤ ਸੋਹਣਾ ਘਾਹ ਉੱਗਿਆ ਹੋਇਆ ਹੈ। ਪਹਿਲੀ ਦੇਖਣੀ ਤੋਂ ਲੱਗਿਆ, ਖੇਡਦੇ ਘੱਟ ਹੋਣੇ ਨੇ ਤਾਂ ਘਾਹ ਉੱਗ ਆਇਆ। ਜ਼ਿਆਦਾ, ਵਧੀਆ ਖੇਡਣ ਲਈ ਵੀ ਘਾਹ ਉਗਾਇਆ ਜਾਂਦਾ ਹੈ; ਇੱਥੇ ਉਵੇਂ ਹੈ, ਖੁਸ਼ੀ ਹੋਈ। ਆਪਣੇ ਗੋਡਿਆਂ ’ਤੇ ਹੱਥ ਚਲੇ ਗਏ। ਇੱਜ਼ਤ ਵਧ ਗਈ ਆਪਣੇ ਪ੍ਰਤੀ। ਖੇਡਦਿਆਂ ਸਾਡੇ ਗੋਡੇ ਛਿੱਲ ਜਾਂਦੇ।
ਬਿਰਖ, ਉਵੇਂ ਹੀ ਬਰਕਰਾਰ ਨੇ। ਮੇਰੇ ਜਾਣੂਆਂ ਵਿਚ ਇਹ ਵੀ ਨੇ। ਰੁੱਖ ਨੇ, ਘਾਹ ਹੈ, ਕੁਝ ਥਾਵਾਂ ਅਜੇ ਵੀ ਬਚੀਆਂ ਹੋਈਆਂ ਨੇ।
ਸ਼ਮਸ਼ੇਰ ਦੀ ਯਾਦਾਂ ਬਹੁਤ ਨੇ, ਕਹਿੰਦੇ ਉਹਨੂੰ ਬੱਠਲ ਹੁੰਦੇ ਸੀ। ਗੰਭੀਰ ਚਿਹਰਾ, ਮਜਾਹੀਆ ਸੁਭਾਅ, ਜਿ਼ੰਦਗੀ ਵਿਚ ਬਹੁਤ ਘੱਟ ਦੇਖਿਆ। ਟੂਰਨਾਮੈਂਟ ਖੇਡਣ ਜਾਂਦੇ, ਕਿਤੇ ਕਹਿੰਦਾ- ਬੱਸ ਆਪਣੀ ਹੈ, ਟਿਕਟਾਂ ਕਟਾਓ ਬੈਠੋ। ਕਿਤੇ ਕਹਿੰਦਾ- ਬੱਸ ’ਚੋਂ ਦਰੱਖਤ ਐਂ ਦਿਸਦੇ ਐ ਜਿਵੇਂ ਕੋਈ ਲਾਈਨ-ਵਾਰ ਲਾ ਗਿਆ ਹੁੰਦਾ।
ਗਰਾਊਂਡ ਅੰਦਰ ਗੇਟ ਵੰਨੀਓਂ ਦਾਖਲ ਹੁੰਦੇ ਸਮੇਂ ਗੋਲ ਪੋਸਟਾਂ ਦੇ ਪਿੱਛੇ ਕਲਾਸਾਂ ਦੇ ਪਿਛਲੇ ਹਿੱਸੇ ’ਤੇ ‘ਜੈ ਜਵਾਨ, ਜੈ ਕਿਸਾਨ’ ਲਿਖਿਆ ਦਿਸਦਾ ਹੈ। ਉਸ ਦਾ ਰੰਗ ਪਹਿਲਾਂ ਨਾਲੋਂ ਕੁਝ ਫਿੱਕਾ ਹੋ ਗਿਆ ਸੀ। ਇਸ ’ਤੇ ਕਿੱਕਾਂ ਮਾਰਨ ਵਾਲ਼ਾ ਸ਼ਮਸ਼ੇਰ ਵੀ ਹੁਣ ਬਹੁਤ ਦੂਰ ਰਹਿ ਗਿਆ। ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਉਸ ਨੂੰ ਜਵਾਨੀ ਵਿਚ ਹੀ ਮਾਰ ਮੁਕਾਇਆ। ਛੇ ਫੁੱਟ ਤੋਂ ਉੱਪਰ ਕਦ ਸੀ ਉਸ ਦਾ। ਬਿਮਾਰੀ ਕਾਰਨ ਮੰਜੇ ’ਤੇ ਪਏ ਦੇ ਉਸ ਦੇ ਪੈਰ ਮੰਜੇ ਤੋਂ ਬਾਹਰ ਨਿਕਲਦੇ; ਜਿਵੇਂ ਗਰਾਊਂਡ ’ਚ ਜਾਣ ਲਈ ਕਾਹਲੇ ਹੋਣ।
ਸੰਪਰਕ: 82838-26876