ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਰੋਸ ਮੁਜ਼ਾਹਰੇ
ਪੱਤਰ ਪ੍ਰੇਰਕ
ਫਿਲੌਰ, 9 ਅਗਸਤ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ‘ਕਾਰਪੋਰੇਟੋ ਭਾਰਤ ਛੱਡੋ’ ਦੇ ਸੱਦੇ ਤਹਿਤ ਸ਼ਹਿਰ ’ਚ ਮਾਰਚ ਕੀਤਾ ਗਿਆ। ਇਸ ਮੌਕੇ ਕਿਸਾਨਾਂ ਦੀ ਕੀਤੀ ਇਕੱਤਰਤਾ ਨੂੰ ਜਮਹੂਰੀ ਕਿਸਾਨ ਸਭਾ ਦੇ ਸੰਤੋਖ ਸਿੰਘ ਬਿਲਗਾ, ਜਸਵਿੰਦਰ ਸਿੰਘ ਢੇਸੀ, ਸਰਬਜੀਤ ਸੰਗੋਵਾਲ, ਕੁਲਜੀਤ ਸਿੰਘ, ਕੁਲਵੰਤ ਖਹਿਰਾ, ਕਿਰਤੀ ਕਿਸਾਨ ਯੂਨੀਅਨ ਦੇ ਗੁਰਨਾਮ ਸਿੰਘ ਤੱਗੜ, ਨਿਰਮਲ ਸਿੰਘ ਤੱਗੜ, ਬੀਕੇਯੂ ਰਾਜੇਵਾਲ ਦੇ ਬਲਜੀਤ ਸਿੰਘ ਅਕਲਪੁਰ ਤੇ ਜਰਨੈਲ ਸਿੰਘ ਮੋਤੀਪੁਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕਾਰਪੋਰਟਾਂ ਦੇ ਭਾਰਤ ਛੱਡ ਜਾਣ ਤੱਕ ਲਗਾਤਾਰ ਸੰਘਰਸ਼ ਜਾਰੀ ਰਹੇਗਾ।
ਤਰਨ ਤਾਰਨ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਪੰਜਾਬ ਨਾਲ ਸਬੰਧਤ ਜਥੇਬੰਦੀਆਂ ਵੱਲੋਂ ਗਾਂਧੀ ਮਿਉਂਸਿਪਲ ਪਾਰਕ ਵਿੱਚ ਇੱਕ ਰੈਲੀ ਕੀਤੀ ਗਈ ਅਤੇ ਸ਼ਹਿਰ ਅੰਦਰ ਮਾਰਚ ਵੀ ਕੀਤਾ ਗਿਆ।
ਗੁਰਦਾਸਪੁਰ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਤਹਿਸੀਲ ਗੁਰਦਾਸਪੁਰ ਦੇ ਮੈਂਬਰਾਂ ਵੱਲੋਂ ਸਥਾਨਕ ਗੁਰੂ ਨਾਨਕ ਪਾਰਕ ਵਿੱਚ ਰੈਲੀ ਕਰਨ ਮਗਰੋਂ ਡਾਕਖਾਨਾ ਚੌਕ ਵਿੱਚ ਕਾਰਪੋਰੇਟ ਸੈਕਟਰ ਦਾ ਪੁਤਲਾ ਸਾੜਿਆ ਗਿਆ। ਰੈਲੀ ਦੀ ਅਗਵਾਈ ਆਗੂਆਂ ਗੁਰਸ਼ਰਨ ਸਿੰਘ ਮਾਖਨਪੁਰ, ਚੰਨਣ ਸਿੰਘ ਦੋਰਾਂਗਲਾ, ਮੰਗਤ ਸਿੰਘ ਜੀਵਨ ਚੱਕ, ਗੁਰਚਰਨ ਸਿੰਘ ਵਾਲੀਆ, ਅਜੀਤ ਸਿੰਘ ਹੁੰਦਲ ਅਤੇ ਬਲਬੀਰ ਸਿੰਘ ਉੱਚਾ ਧਕਾਲਾ ਵੱਲੋਂ ਕੀਤੀ ਗਈ।
ਅਟਾਰੀ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਦਿੱਤੇ ਸੱਦੇ ਤਹਿਤ ਸੰਘਰਸ਼ ਹੋਰ ਤਿੱਖਾ ਕਰਨ ਲਈ ਦ੍ਰਿੜਤਾ ਪੈਦਾ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਕਾਰਪੋਰੇਟ ਵੱਲੋਂ ਕੀਤੀ ਜਾ ਰਹੀ ਲੁੱਟ ਖ਼ਿਲਾਫ਼ ਕਿਰਤੀਆਂ, ਕਿਸਾਨਾਂ ਤੇ ਮੁਲਾਜ਼ਮਾਂ ਨੂੰ ਅੱਗੇ ਆਉਣਾ ਪਵੇਗਾ। ਇਕੱਠ ਨੂੰ ਮੁਖਤਾਰ ਸਿੰਘ ਮੁਹਾਵਾ, ਬਾਬਾ ਅਰਜਨ ਸਿੰਘ, ਨਿਰਮਲ ਸਿੰਘ, ਸੁਖਵਿੰਦਰ ਸਿੰਘ ਲਾਹੌਰੀਮੱਲ, ਨਿਸ਼ਾਨ ਸਿੰਘ ਸਾਂਘਣਾਂ ਤੇ ਹਰਪ੍ਰੀਤ ਸਿੰਘ ਸਾਂਘਣਾਂ ਨੇ ਵੀ ਸੰਬੋਧਨ ਕੀਤਾ।