ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁੱਖ ਮੰਤਰੀ ਤੇ ਮੰਤਰੀਆਂ ਦੀਆਂ ਕੋਠੀਆਂ ਅੱਗੇ ਧਰਨੇ ਸ਼ੁਰੂ

07:32 AM Sep 12, 2023 IST
featuredImage featuredImage
ਸੰਗਰੂਰ ’ਚ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨੇ ਵਿੱਚ ਸ਼ਾਮਿਲ ਕਿਸਾਨ।

ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਸਤੰਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਸਬੰਧਤ ਸੈਂਕੜੇ ਕਿਸਾਨਾਂ ਨੇ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਤਿੰਨ ਰੋਜ਼ਾ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਮੁਆਵਜ਼ਾ ਅਤੇ ਰਾਹਤ ਨਾ ਦੇਣ ਦੇ ਰੋਸ ਵਜੋਂ ਸ਼ੁਰੂ ਕੀਤੇ ਸੰਘਰਸ਼ ਤਹਿਤ ਸੰਯੁਕਤ ਕਿਸਾਨ ਮੋਰਚੇ ਵਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਆਮ‌ ਆਦਮੀ ਪਾਰਟੀ ਅਤੇ ਭਾਜਪਾ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਤਿੰਨ ਰੋਜ਼ਾ ਧਰਨਿਆਂ ਦਾ ਸੱਦਾ ਦਿੱਤਾ ਗਿਆ ਹੈ ਜਿਸ ਤਹਿਤ ਅੱਜ ਕਿਸਾਨ ਸੰਗਰੂਰ-ਪਟਿਆਲਾ ਬਾਈਪਾਸ ਦੇ ਓਵਰਬ੍ਰਿਜ ਹੇਠ ਇਕੱਠੇ ਹੋਏ ਜਿਥੋਂ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਅੱਗੇ ਪੁੱਜੇ ਅਤੇ ਟੈਂਟ ਲਗਾ ਕੇ ਤਿੰਨ ਰੋਜ਼ਾ ਮੋਰਚੇ ’ਤੇ ਡਟ ਗਏ ਹਨ। ਤਿੰਨ ਰੋਜ਼ਾ ਮੋਰਚੇ ਦੀ ਪ੍ਰਧਾਨਗੀ ਭਾਕਿਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਨਾਲ, ਭਾਕਿਯੂ ਡਕੌਂਦਾ-ਧਨੇਰ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾਂ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਜਗਤਾਰ ਸਿੰਘ ਸ਼ੇਰਗੜ, ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਆਗੂ ਸੁਖਪਾਲ ਸਿੰਘ ਗੱਗੜਪੁਰ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਭਗਵੰਤ ਸਿੰਘ ਮਹਾਂ ਸਿੰਘ ਵਾਲਾ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਆਗੂ ਤਰਸੇਮ ਸਿੰਘ ਸਫੀਪੁਰ ਕਰ ਰਹੇ ਹਨ। ਕਿਸਾਨ ਆਗੂਆਂ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਬਣਦਾ ਮੁਆਵਜ਼ਾ ਨਾ ਦੇਣ ’ਤੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ।
ਉਨ੍ਹਾਂ ਮੰਗ ਕੀਤੀ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ 70 ਹਜ਼ਾਰ ਪ੍ਰਤੀ ਏਕੜ, ਹੜ੍ਹ ਕਾਰਨ ਪਰਿਵਾਰ ਦੇ ਮੈਂਬਰ ਦੀ ਮੌਤ ’ਤੇ 10 ਲੱਖ ਰੁਪਏ ਪ੍ਰਤੀ ਮੈਂਬਰ, ਪਸ਼ੂ ਮਰਨ ’ਤੇ 1 ਲੱਖ ਪ੍ਰਤੀ ਪਸ਼ੂ ਮੁਆਵਜ਼ਾ ਦਿੱਤਾ ਜਾਵੇ। ਘਰ ਢਹਿਣ ’ਤੇ 5 ਲੱਖ ਪ੍ਰਤੀ ਪਰਿਵਾਰ ਦਿੱਤਾ ਜਾਵੇ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਸੰਘਰਸ਼ ਨੂੰ ਅੱਗੇ ਵਧਾਇਆ ਜਾਵੇਗਾ। ਧਰਨੇ ਨੂੰ ਭੁਪਿੰਦਰ ਸਿੰਘ ਲੌਂਗੋਵਾਲ, ਮੇਜ਼ਰ ਸਿੰਘ ਪੁੰਨਾਵਾਲ, ਕਰਮ ਸਿੰਘ ਬਲਿਆਲ, ਸਾਹਿਬ ਸਿੰਘ ਬਡਬਰ, ਸੁਖਦੇਵ ਸਿੰਘ ਲੇਹਲ ਕਲਾਂ, ਬਲਦੇਵ ਸਿੰਘ ਨਿਹਾਲਗੜ੍ਹ, ਹਰਦੇਵ ਸਿੰਘ ਬਖਸ਼ੀਵਾਲਾ, ਰਣਧੀਰ ਸਿੰਘ ਭੱਟੀਵਾਲ ਆਦਿ ਨੇ ਸੰਬੋਧਨ ਕੀਤਾ।

Advertisement

ਪਟਿਆਲਾ ਵਿੱਚ ਧਰਨੇ ਦੌਰਾਨ ਲੰਗਰ ਛਕਦੇ ਹੋਏ ਕਿਸਾਨ। ਫੋਟੋ: ਰਾਜੇਸ਼ ਸੱਚਰ

ਪਟਿਆਲਾ (ਸਰਬਜੀਤ ਸਿੰਘ ਭੰਗੂ): ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਮੁਆਵਜ਼ਾ ਯਕੀਨੀ ਬਣਵਾਉਣ ਲਈ 32 ਕਿਸਾਨ ਜਥੇਬੰਦੀਆਂ ਦੇ ਸੰਗਠਨ ਵੱਲੋਂ 11 ਤੋਂ 13 ਸਤੰਬਰ ਤੱਕ ਪੰਜਾਬ ਦੇ ਮੰਤਰੀਆਂ ਅਤੇ ਭਾਜਪਾ ਦੇ ਪ੍ਰਮੁੱਖ ਆਗੂਆਂ ਦੇ ਘਰਾਂ ਦਾ ਘਿਰਾਓ ਕਰਨ ਦੇ ਉਲੀਕੇ ਗਏ ਪ੍ਰੋਗਰਾਮ ਤਹਿਤ ਅੱਜ ਪਟਿਆਲਾ ਸ਼ਹਿਰ ਵਿੱਚ ਵੀ ਦੋ ਥਾਂ ਅਜਿਹੇ ਧਰਨੇ ਸ਼ੁਰੂ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਧਰਨਾ ਭਾਜਪਾ ਆਗੂ ਵਜੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਥੇ ਸਥਿਤ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ ਮੂਹਰੇ ਲਾਇਆ ਗਿਆ ਹੈ ਜਦਕਿ ਦੂਜਾ ਧਰਨਾ ਇਥੇ ਪਾਸੀ ਰੋਡ ’ਤੇ ਸਥਿਤ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਿਹਾਇਸ਼ ਦੇ ਬਾਹਰ ਸ਼ੁਰੂ ਹੋਇਆ। ਸਿਹਤ ਮੰਤਰੀ ਦੇ ਘਰ ਅੱੱਗੇ ਲਾਏ ਧਰਨੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਜਿਸ ’ਚ ਜਗਮੇਲ ਸੁੱਧੇਵਾਲ਼, ਮੁਖਤਿਆਰ ਸਿੰਘ ਕੱਕੇਪੁਰ, ਗੁਰਬਚਨ ਕਨਸੂਆ, ਸਰਬਜੀਤ ਭੜੀ, ਜਗਮੇਲ ਸਿੰਘ ਸਸਗੁੱਜਰਾਂ, ਸਤਵੰਤ ਸਿੰਘ ਧਬਲਾਨ ਸਮੇਤ ਹੋਰ ਵੀ ਸ਼ਾਮਲ ਹਨ। ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦੇ ਬਾਹਰ ਲੱਗੇ ਧਰਨੇ ’ਚ ਛੇ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹਨ। ਜਿਨ੍ਹਾਂ ਵਿਚ ਡਾ. ਦਰਸ਼ਨਪਾਲ ਦੀ ਅਗਵਾਈ ਹੇਠਲੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਦਿੱਤੂਪੁਰ, ਭਾਰਤੀ ਕਿਸਾਨ ਮੰਚ ਦੇ ਕੌਮੀ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ, ਇੰਡੀਅਨ ਫਾਰਮਰ ਐਸੋਸੀਏਸਨ ਦੇ ਕੌਮੀ ਪ੍ਰਧਾਨ ਸਤਿਨਾਮ ਸਿੰਘ ਬਹਿਰੂ, ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਹਰੀ ਸਿੰਘ ਦੌਣਕਲਾਂ ਆਦਿ ਸ਼ਾਮਲ ਹਨ। ਕਿਸਾਨ ਤਿੰਨ ਦਿਨਾ ਦਾ ਰਾਸ਼ਨ ਪਾਣੀ ਨਾਲ਼ ਲੈ ਕੇ ਆਏ ਹਨ।
ਸਮਾਣਾ (ਸੁਭਾਸ਼ ਚੰਦਰ): ਕਿਸਾਨ ਜਥੇਬੰਦੀਆਂ ਨੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੇ ਦਫਤਰ ਅੱਗੇ ਤਿੰਨ ਰੋਜ਼ਾ ਪੱਕਾ ਮੋਰਚਾ ਲਗਾ ਕੇ ਹੜ੍ਹਾਂ ਦੌਰਾਨ ਨੁਕਸਾਨੀਆਂ ਫਸਲਾਂ, ਜਮੀਨਾਂ, ਡਿੱਗੇ ਘਰਾਂ, ਮਰੇ ਪਸ਼ੂਆਂ ਆਦਿ ਦਾ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਕੁਲਵੰਤ ਸਿੰਘ ਮੋਲਵੀਵਾਲਾ,ਹਰਭਜਨ ਸਿੰਘ ਬੁੱਟਰ, ਬਲਵਿੰਦਰ ਸਿੰਘ ਸਮਾਣਾ, ਪੂਰਨ ਚੰਦ ਨਨਹੇੜਾ, ਜਗਜੀਤ ਸਿੰਘ ਦੁੱਗਾਲ, ਮਲਕੀਤ ਸਿੰਘ ਜਗਤਾਰ ਨਿਸ਼ਾਨ ਸਿੰਘ ਧਰਮਹੇੜ੍ਹੀ, ਜਸਬੀਰ ਸਿੰਘ ਫ਼ਤਿਹਪੁਰ, ਸ਼ੇਰ ਸਿੰਘ ਕਾਕੜਾਂ, ਚਰਨਜੀਤ ਕੋਰ, ਸੁਖਦੇਵ ਸਿੰਘ ਸਣੇ ਸੈਂਕੜੇ ਕਿਸਾਨ ਹਾਜ਼ਰ ਸਨ।

Advertisement
Advertisement