‘ਔਰਤਾਂ ਪੱਖੀ’ ਸ਼ਰਾਬ ਸਟੂਡੀਓ ਖੁੱਲ੍ਹਣ ’ਤੇ ਰੋਸ ਜ਼ਾਹਰ
ਹਤਿੰਦਰ ਮਹਿਤਾ
ਜਲੰਧਰ, 11 ਅਗਸਤ
ਇੱਥੋਂ ਦੇ ਕਿਸ਼ਨਪੁਰਾ ਚੌਕ ਨੇੜੇ ‘ਔਰਤ ਪੱਖੀ’ ਸ਼ਰਾਬ ਸਟੂਡੀਓ ਦੇ ਖੁੱਲ੍ਹਣ ਨਾਲ ਇਲਾਕਾ ਵਾਸੀਆਂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਿੱਚ ਭਾਰੀ ਰੋਸ ਹੈ ਜਦਕਿ ਮੱਧ ਪ੍ਰਦੇਸ਼ ਅਤੇ ਗੁਰੂਗ੍ਰਾਮ ਵਿੱਚ ‘ਔਰਤਾਂ ਦੇ ਅਨੁਕੂਲ’ ਸ਼ਰਾਬ ਸਟੂਡੀਓ ਦਾ ਸੰਕਲਪ ਪਹਿਲਾਂ ਹੀ ਮੌਜੂਦ ਹੈ ਤੇ ਅਜਿਹਾ ਹੀ ਸਟੋਰ ਪੰਜਾਬ ਵਿੱਚ ਪਹਿਲੀ ਵਾਰ ਖੁੱਲ੍ਹਿਆ ਹੈ। ਜਿਵੇਂ ਹੀ ਨੇਤਾਵਾਂ ਅਤੇ ਕਾਰਕੁਨਾਂ ਨੇ ਇਸ ਮੁੱਦੇ ’ਤੇ ਸੱਤਾਧਾਰੀ ‘ਆਪ’ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਸੋਸ਼ਲ ਮੀਡੀਆ ’ਤੇ ਪਾਇਆ ਤਾਂ ਐਕਸਾਈਜ਼ ਅਧਿਕਾਰੀਆਂ ਨੇ ਸਟੋਰ ਬੰਦ ਕਰਵਾ ਦਿੱਤਾ। ਇੱਥੋਂ ਤੱਕ ਕਿ ਹੋਰਡਿੰਗ ਦੇ ਉੱਪਰੋਂ ‘ਔਰਤਾਂ ਦੇ ਅਨੁਕੂਲ ਸ਼ਰਾਬ ਸਟੂਡੀਓ’ ਦੀ ਟੈਗਲਾਈਨ ਵੀ ਹਟਾ ਦਿੱਤੀ ਗਈ। ਭਾਜਪਾ ਦੀ ਪੰਜਾਬ ਇਕਾਈ ਦੇ ਮੀਡੀਆ ਇੰਚਾਰਜ ਜਨਾਰਦਨ ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਟੈਗਲਾਈਨ ਨਾਲ ਦੁਕਾਨ ਖੋਲ੍ਹਣ ਨਾਲ ਗਲਤ ਸੰਦੇਸ਼ ਗਿਆ ਹੈ। ਇਹ ਸਰਕਾਰ ਪੰਜਾਬ ਦੇ ਪਰਿਵਾਰਾਂ ਨੂੰ ਬਰਬਾਦ ਕਰਨ ’ਤੇ ਤੁਲੀ ਹੋਈ ਜਾਪਦੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਅੱਜ ਟਵੀਟ ਕੀਤਾ ‘ਆਪ’ ਦੀ ਸਰਕਾਰ ਆਪਣੇ ਸ਼ਾਸਨ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਹੀ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਦੇ ਪੱਕੇ ਪੈਰੀਂ ਆ ਗਈ ਹੈ। ਇਹ ਦੁਕਾਨ ਮਹਿਲਾ ਕਾਲਜ ਦੇ ਨੇੜੇ ਖੁੱਲ੍ਹੀ ਹੈ। ਕੰਨਿਆ ਮਹਾਂ ਵਿਦਿਆਲਿਆ (ਕੇ.ਐਮ.ਵੀ.) ਦੀ ਪ੍ਰਿੰਸੀਪਲ ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਉਹ ਸ਼ਰਾਬ ਦੀ ਦੁਕਾਨ ਖੋਲ੍ਹਣ ਦੀ ਨਿੰਦਾ ਕਰਦੇ ਹਨ ਜੋ ਸਾਡੇ ਆਸ-ਪਾਸ ਔਰਤਾਂ ਦੀ ਭੀੜ ਨੂੰ ਉਤਸ਼ਾਹਿਤ ਕਰਦੀ ਹੈ। ਅਜਿਹੀ ਧਾਰਨਾ ਕਿਸੇ ਵੀ ਹਾਲਤ ਵਿੱਚ ਉਸਾਰੂ ਉਦੇਸ਼ ਲਈ ਨਹੀਂ ਹੋ ਸਕਦੀ। ਏ.ਈ.ਟੀ.ਸੀ.-1 ਹਨੂਵੰਤ ਸਿੰਘ ਨੇ ਦੱਸਿਆ ਕਿ ਸਾਰੇ ਲਾਇਸੈਂਸਧਾਰਕਾਂ ਨੂੰ ਹਰੇਕ ਜ਼ੋਨ ਵਿੱਚ ਦੋ ਮਾਡਲ ਸ਼ਰਾਬ ਦੇ ਸਟੋਰ ਸਥਾਪਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਸ਼ਹਿਰ ਵਾਸੀਆਂ ਨੇ ਉਕਤ ਸ਼ਬਦਾਂ ’ਤੇ ਇਤਰਾਜ਼ ਜਤਾਇਆ, ਜਿਸ ਕਾਰਨ ਸ਼ਹਿਰ ਵਾਸੀਆਂ ਦੀ ਮੰਗ ’ਤੇ ਹੋਰਡਿੰਗ ਦੁਕਾਨ ਤੋਂ ਹਟਾ ਦਿੱਤਾ ਗਿਆ ਹੈ।