ਬਿਜਲੀ ਮੁਲਾਜ਼ਮਾਂ ਵੱਲੋਂ ਪਾਵਰਕੌਮ ਦਫ਼ਤਰਾਂ ਅੱਗੇ ਮੁਜ਼ਾਹਰੇ
ਜਸਵੰਤ ਜੱਸ
ਫਰੀਦਕੋਟ, 10 ਸਤੰਬਰ
ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਜ਼ ਦੇ ਸੱਦੇ ’ਤੇ ਇੱਥੇ ਪਾਵਰਕੌਮ ਕਰਮਚਾਰੀਆਂ ਨੇ ਡਿਵੀਜ਼ਨ ਦਫ਼ਤਰ ਮੂਹਰੇ ਧਰਨਾ ਲਾਇਆ। ਸੂਬਾ ਆਗੂ ਪ੍ਰੀਤਮ ਸਿੰਘ, ਜਗਜੀਤ ਸਿੰਘ ਨੇ ਕਿਹਾ ਕਿ ਪਾਵਰਕੌਮ ਕਰਮਚਾਰੀ ਡਿਊਟੀ ਦੌਰਾਨ ਘਾਤਕ ਹਾਦਸੇ ਦਾ ਸ਼ਿਕਾਰ ਹੋਏ ਬਿਜਲੀ ਕਾਮਿਆਂ ਦੇ ਪੀੜਤ ਪਰਿਵਾਰਾਂ ਨੂੰ ਇੱਕ ਕਰੋੜ ਦੀ ਮੁਆਵਜ਼ਾ ਰਾਸ਼ੀ ਦੇਣ ਸਮੇਤ ਕਾਮੇ ਨੂੰ ਸ਼ਹੀਦ ਦਾ ਦਰਜਾ ਦੇਣ, ਹਾਦਸੇ ਦਾ ਸ਼ਿਕਾਰ ਹੋਏ ਕਾਮੇ ਨੂੰ ਕੈਸ਼ ਲੈੱਸ ਇਲਾਜ ਦੀ ਸੁਵਿਧਾ ਲਾਗੂ ਕਰਵਾਉਣ ਲਗਾਤਾਰ ਸੰਘਰਸ਼ ਕਰ ਰਹੇ ਹਨ ਪਰ ਹੁਣ ਪਾਵਰ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਮੰਗਾਂ ਮੰਨਣ ਤੋਂ ਮੁਨਕਰ ਹੋ ਗਏ ਹਨ। ਮੁਲਾਜ਼ਮਾਂ ਨੇ ਐਲਾਨ ਕੀਤਾ ਕਿ ਉਹ ਆਪਣੀਆਂ ਮੰਗਾਂ ਮਨਵਾਉਣ ਲਈ 10 ਸਤੰਬਰ ਤੋਂ 12 ਸਤੰਬਰ ਤੱਕ ਤਿੰਨ ਦਿਨ ਲਈ ਸਮੁੱਚੇ ਬਿਜਲੀ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਮੰਡਲ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨਗੇ।
ਬਰਨਾਲਾ (ਪਰਸ਼ੋਤਮ ਬੱਲੀ): ਜੁਆਇੰਟ ਫੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ਼ ਜੂਨੀਅਰ ਇੰਜਨੀਅਰਜ਼ ਤੇ ਟੈਕਨੀਕਲ ਸਰਵਿਸ ਯੂਨੀਅਨ ਭੰਗਲ ਦੇ ਸੱਦੇ ‘ਤੇ ਸਮੂਹ ਸਰਕਲ ਬਰਨਾਲਾ ਦੇ ਬਿਜਲੀ ਕਾਮਿਆਂ ਵੱਲੋਂ ਤਿੰਨ ਰੋਜ਼ਾ ਸਮੂਹਿਕ ਛੁੱਟੀ ਕਰਕੇ ਸਥਾਨਕ ਧਨੌਲਾ ਰੋਡ ਸ਼ਹਿਰੀ ਮੁੱਖ ਦਫ਼ਤਰ ਵਿਖੇ ਇੰਜ: ਮਹਿੰਦਰ ਸਿੰਘ ਰੂੜੇਕੇ ਦੀ ਪ੍ਰਧਾਨਗੀ ਹੇਠ ਤਿੰਨ ਰੋਜ਼ਾ ਰੋਸ ਧਰਨਾ ਕਰ ਸ਼ੁਰੂ ਕਰ ਦਿੱਤਾ ਹੈ।ਕੈਪਸ਼ਨ: ਫਰੀਦਕੋਟ ਵਿਚ ਡਿਵੀਜ਼ਨ ਦਫ਼ਤਰ ਮੂਹਰੇ ਧਰਨਾ ਦਿੰਦੇ ਹੋਏ ਪਾਵਰਕੌਮ ਮੁਲਾਜ਼ਮ।
ਪੰਜ ਘੰਟੇ ਗੁੱਲ ਰਹੀ ਬੱਤੀ
ਭੁੱਚੋ ਮੰਡੀ (ਪੱਤਰ ਪ੍ਰੇਰਕ): ਪੀਐਸਈਬੀ ਐਂਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਜ਼ ਵੱਲੋਂ ਦਿੱਤੇ ਸੱਦੇ ਤਹਿਤ ਬਿਜਲੀ ਮੁਲਾਜ਼ਮਾਂ ਦੇ 10 ਤੋਂ 12 ਸਤੰਬਰ ਤੱਕ ਸਮੂਹਿਕ ਛੁੱਟੀ ’ਤੇ ਚਲੇ ਜਾਣ ਕਾਰਨ ਅੱਜ ਭੁੱਚੋ ਮੰਡੀ ਸ਼ਹਿਰ ਦੀ ਬਿਜਲੀ ਸਪਲਾਈ ਸਵੇਰੇ ਅੱਠ ਵਜੇ ਤੋਂ ਲੈ ਕੇ ਦੁਪਹਿਰ ਦੇ ਇੱਕ ਵਜੇ ਤੱਕ ਲੱਗਪਗ ਪੰਜ ਘੰਟੇ ਠੱਪ ਰਹੀ। ਇਸ ਨਾਲ ਬਿਜਲੀ ’ਤੇ ਨਿਰਭਰ ਕਾਰੋਬਾਰੀਆ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨ ਹੋਈ। ਅਗਲੇ ਦੋ ਦਿਨਾਂ ਵਿੱਚ ਵੀ ਬਿਜਲੀ ਸਮੱਸਿਆ ਆਉਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਸਰਕਾਰ ਵੱਲੋਂ ਕੋਈ ਇੰਤਜ਼ਾਮ ਨਾ ਕੀਤੇ ਜਾਣ ਦਾ ਖ਼ਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸੇ ਦੌਰਾਨ ਐਂਪਲਾਈਜ਼ ਫੈਡਰੇਸ਼ਨ (ਚਾਹਲ) ਅਤੇ ਐਂਪਲਾਈਜ਼ ਯੂਨੀਅਨ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਨੇ ਬਿਜਲੀ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹਡਤਾਲ ਦੇ ਅੱਜ ਪਹਿਲੇ ਦਿਨ ਥਰਮਲ ਦੇ ਮੁੱਖ ਗੇਟ ਅੱਗੇ ਰੋਸ ਰੈਲੀ ਕੀਤੀ ਅਤੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ਕੀਤੀ।