ਸੜਕਾਂ ਦੀ ਮਾੜੀ ਹਾਲਤ ਖ਼ਿਲਾਫ਼ ਧਰਨਾ ਜਾਰੀ
ਬਹਾਦਰਜੀਤ ਸਿੰਘ
ਰੂਪਨਗਰ, 25 ਜੁਲਾਈ
ਇਲਾਕਾ ਸੁਧਾਰ ਕਮੇਟੀ ਅਤੇ ਸਮਾਜ ਦਰਦੀ ਲੋਕਾਂ ਵੱਲੋਂ ਰੂਪਨਗਰ ਇਲਾਕੇ ਦੀਆਂ ਸੜਕਾਂ ਦੀ ਮਾੜੀ ਹਾਲਤ ਨੂੰ ਲੈ ਕੇ ਲਗਾਇਆ ਧਰਨਾ ਅੱਜ ਛੇਵੇਂ ਦਨਿ ਵੀ ਜਾਰੀ ਰਿਹਾ। ਇਸ ਸਬੰਧੀ ਇਲਾਕਾ ਸੁਧਾਰ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਲੌਦੀ ਮਾਜਰਾ ਅਤੇ ਰਣਜੀਤ ਸਿੰਘ ਪਤਿਆਲਾਂ ਨੇ ਕਿਹਾ ਕਿ ਰੂਪਨਗਰ-ਬੇਲਾ ਰੋਡ, ਮੋਰਿੰਡਾ-ਰੂਪਨਗਰ ਰੋਡ ਅਤੇ ਹੋਰ ਸੜਕਾਂ ਦੀ ਮਾੜੀ ਹਾਲਤ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਣਜੀਤ ਸਿੰਘ ਨੇ ਕਿਹਾ ਕਿ ਇੱਥੋ ਦੇ ਸਾਰੇ ਦੁਕਾਨਦਾਰਾਂ ਨੁੰ ਸਬੰਧਤ ਮਹਿਕਮੇ ਵੱਲੋ ਨੋਟਿਸ ਭੇਜ ਕੇ ਦੁਕਾਨਦਾਰਾਂ ਦੇ ਸਿਰ ਇਹ ਦੋਸ਼ ਮੜ੍ਹੇ ਗਏ ਹਨ ਕਿ ਉਨ੍ਹਾਂ ਵੱਲਂੋ ਦੁਕਾਨਾਂ ਦੀ ਉਚਾਈ ਸੜਕ ਤੋਂ ਜ਼ਿਆਦਾ ਰੱਖਣ ਕਰ ਕੇ ਸੜਕ ਟੁੱਟ ਗਈ ਹੈ।
ਆਲ ਇੰਡੀਆ ਕਿਸਾਨ ਫੈਡਰੇਸ਼ਨ ਸਕੱਤਰ (ਪੰਜਾਬ) ਕਾਮਰੇਡ ਹਰਦੇਵ ਸਿੰਘ ਖੇੜੀ ਨੇ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਦੀਆਂ ਤਕਲੀਫ਼ਾਂ ਅਤੇ ਮੰਗਾਂ ਨੂੰ ਟਿੱਚ ਸਮਝਣਾ, ਸਰਕਾਰ ਵੱਲੋ ਆਪਣੇ ਪੈਰਾਂ ਉੱਤੇ ਆਪ ਕੁਹਾੜਾ ਮਾਰਨ ਵਾਲੀ ਗੱਲ ਹੈ। ਆਗੂਆਂ ਨੇ ਸੜਕਾਂ ਦੀ ਮੁਰੰਮਤ ਕਰਨ ਦੀ ਮੰਗ ਕੀਤੀ।