ਕੰਗਣਾ ਦੀ ਫ਼ਿਲਮ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 30 ਅਗਸਤ
ਅੱਜ ਕੰਗਨਾ ਰਣੌਤ ਦੀ ਨਵੀਂ ਆ ਰਹੀ ਫ਼ਿਲਮ ‘ਐਮਰਜੈਂਸੀ’ ਵਿਰੁੱਧ ਪਟਿਆਲਾ ਵਿਚ ਧਾਰਮਿਕ ਤੇ ਸਮਾਜਕ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਇਸ ਦੌਰਾਨ ਫ਼ਿਲਮ ਨੂੰ ਭਾਰਤ ਵਿਚੋਂ ਬੈਨ ਕਰਨ ਦੀ ਮੰਗ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਮੰਗ ਪੱਤਰ ਦਿੰਦਿਆਂ ਕਿਹਾ ਕਿ ਇਹ ਫ਼ਿਲਮ ਪੰਜਾਬ ਵਿੱਚ ਮੁਕੰਮਲ ਤੌਰ ’ਤੇ ਬੈਨ ਕੀਤੀ ਜਾਵੇ।
ਇਸ ਵੇਲੇ ਖ਼ਾਲਸਾ ਸ਼ਤਾਬਦੀ ਕਮੇਟੀ ਦੇ ਮੁਖੀ ਹਰਵਿੰਦਰਪਾਲ ਸਿੰਘ ਬਿੰਟੀ ਨੇ ਕਿਹਾ ਜਿਵੇਂ ਕੰਗਨਾ ਰਣੌਤ ਸਿੱਖਾਂ ਵਿਰੁੱਧ ਅੱਗ ਉਗਲ ਰਹੀ ਹੈ, ਉਸ ਖ਼ਿਲਾਫ਼ ਐੱਨਐੱਸਏ ਲਗਾ ਕੇ ਜੇਲ੍ਹ ਵਿੱਚ ਬੰਦ ਕੀਤਾ ਜਾਵੇ, ਪਹਿਲਾਂ ਉਹ ਪੰਜਾਬ ਵਿਰੁੱਧ ਬੋਲ ਰਹੀ ਹੈ, ਸਿੱਖਾਂ ਵਿਰੁੱਧ ਬੋਲ ਰਹੀ ਹੈ ਹੁਣ ਫ਼ਿਲਮ ਬਣਾ ਕੇ ਪੰਜਾਬ ਦੇ ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ, ਇਸ ਕਰਕੇ ਇਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹ। ਦਵਿੰਦਰ ਸਿੰਘ ਸ਼ੈਂਟੀ ਨੇ ਕਿਹਾ ਕਿ ਕੰਗਨਾ ਨੂੰ ਹਿੰਦ ਲਈ ਸਿੱਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ ਤਾਂ ਹੀ ਉਸ ਨੂੰ ਪਤਾ ਲੱਗੇਗਾ ਕਿ ਸਿੱਖਾਂ ਨੇ ਦੇਸ਼ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਹਨ।