ਮਨੀਪੁਰ ਘਟਨਾ ਖ਼ਿਲਾਫ਼ ਜਨਤਕ ਜਥੇਬੰਦੀਆਂ ਵੱਲੋਂ ਵੱਖ ਵੱਖ ਥਾਈਂ ਰੋਸ ਪ੍ਰਦਰਸ਼ਨ
ਪੱਤਰ ਪ੍ਰੇਰਕ
ਫਿਲੌਰ, 22 ਜੁਲਾਈ
ਮਨੀਪੁਰ ਘਟਨਾਵਾਂ ਵਿਰੁੱਧ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐਮਓ) ਤੇ ਅੰਬੇਡਕਰ ਸਭਾਵਾਂ ਵਲੋਂ ਸਥਾਨਕ ਅੰਬੇਡਕਰ ਚੌਕ ’ਚ ਅਰਥੀ ਫੂਕ ਮੁਜ਼ਹਾਰਾ ਕੀਤਾ ਗਿਆ। ਇਸ ਸਮੇਂ ਇਸ ਪ੍ਰਦਰਸ਼ਨ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਕਾਮਰੇਡ ਜਰਨੈਲ ਫਿਲੌਰ, ਜਮਹੂਰੀ ਕਿਸਾਨ ਸਭਾ ਦੇ ਕੁਲਦੀਪ ਫਿਲੌਰ, ਔਰਤ ਮੁਕਤੀ ਮੋਰਚਾ ਵਲੋਂ ਕਮਲਜੀਤ ਕੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪਰਸ਼ੋਤਮ ਫਿਲੌਰ, ਪੈਨਸ਼ਨਰਜ਼ ਆਗੂ ਕੁਲਦੀਪ ਕੌੜਾ, ਨਸ਼ਾ ਵਿਰੋਧੀ ਫਰੰਟ ਦੇ ਆਗੂ ਮਾਸਟਰ ਹੰਸ ਰਾਜ ਤੇ ਅੰਬੇਡਕਰੀ ਆਗੂ ਜਸਵੰਤ ਬੌਧ ਨੇ ਕੀਤੀ। ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਸਜ੍ਹਾ ਦਿੱਤੀ ਜਾਵੇ ਤੇ ਮਨੀਪੁਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਆਗੂਆਂ ਨੇ ਕਿਹਾ ਕਿ ਡਬਲ ਇੰਜਣ ਦੀ ਸਰਕਾਰ ਹੋਣ ਦੇ ਬਾਵਜੂਦ ਦੋਸ਼ੀਆਂ ਨੂੰ ਡਬਲ ਪੁਸ਼ਤਪਨਾਹੀ ਕਰ ਕੇ ਬਚਾਇਆ ਜਾ ਰਿਹਾ ਹੈ। ਇਸ ਸਮੇਂ ਡਾਕਟਰ ਬੀ ਆਰ ਅੰਬੇਦਕਰ ਚੌਕ ਫਿਲੌਰ ਵਿੱਚ ਇਕੱਠ ਕਰਕੇ ਰੈਲੀ ਕੀਤੀ ਗਈ ਤੇ ਨਵਾਂ ਸ਼ਹਿਰ ਚੌਕ ਤੱਕ ਰੋਸ ਮਾਰਚ ਕੀਤਾ ਗਿਆ।
ਤਰਨ ਤਾਰਨ (ਪੱਤਰ ਪ੍ਰੇਰਕ): ਪਾਵਰਕੌਮ ਦੇ ਮੁਲਾਜ਼ਮਾਂ ਦੀ ਜਥੇਬੰਦੀ ਪੀਐਸਈਬੀ ਐਂਪਲਾਈਜ਼ ਫੈੱਡਰੇਸ਼ਨ (ਏਟਕ) ਪੰਜਾਬ ਦੀ ਸੂਬਾ ਕਮੇਟੀ ਨੇ ਮਨੀਪੁਰ ਘਟਨਾ ਨੂੰ ਦੇਸ਼ ਦੇ ਮੱਥੇ ’ਤੇ ਕਲੰਕ ਕਰਾਰ ਦਿੱਤਾ। ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਅਤੇ ਜਨਰਲ ਸਕੱਤਰ ਸਰਿੰਦਰਪਾਲ ਸਿੰਘ ਲਹੌਰੀਆ ਨੇ ਕਿਹਾ ਮਨੀਪੁਰ ਦੇ ਮੁੱਖ ਮੰਤਰੀ ਨੂੰ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ|
ਅੰਮ੍ਰਿਤਸਰ (ਟਨਸ): ਮਨੀਪੁਰ ਘਟਨਾ ਨੂੰ ਕਲੰਕ ਕਰਾਰ ਦਿੰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਨੇ ਰਾਸ਼ਟਰਪਤੀ ਤੋਂ ਭਾਜਪਾ ਦੀ ਮਨੀਪੁਰ ਸਰਕਾਰ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਜਥੇਬੰਦੀ ਨੇ ਫ਼ਿਰਕੂ ਅਨਸਰਾਂ ਅਤੇ ਦੋਸ਼ੀ ਪੁਲੀਸ ਅਧਿਕਾਰੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋ, ਰਾਜਪਾਲ ਸਿੰਘ, ਬਲਬੀਰ ਲੌਂਗੋਵਾਲ, ਰਾਮ ਸਵਰਨ ਲੱਖੇਵਾਲੀ ਅਤੇ ਸੁਮੀਤ ਸਿੰਘ ਨੇ ਕਿਹਾ ਕਿ ਇਸ ਵੀਡੀਓ ਤੋਂ ਜ਼ਾਹਿਰ ਹੈ ਕਿ ਮਨੀਪੁਰ ਵਿੱਚ ਫ਼ਿਰਕੂ ਹਿੰਸਾ ਦੀਆਂ ਘਟਨਾਵਾਂ ਪਿੱਛੇ ਹਕੂਮਤੀ ਧਿਰਾਂ ਦੀ ਸਰਪ੍ਰਸਤੀ ਸ਼ਾਮਲ ਸੀ।
ਖੱਬੀਆਂ ਪਾਰਟੀਆਂ ਨੇ ਘਟਨਾਵਾਂ ’ਤੇ ਚਿੰਤਾ ਪ੍ਰਗਟਾਈ
ਜਲੰਧਰ: ਸੀਪੀਆਈ, ਆਰਐਮਪੀਆਈ, ਸੀਪੀਆਈ (ਐਮਐਲ) ਲਬਿਰੇਸ਼ਨ ਅਤੇ ਐਮਸੀਪੀਆਈ-ਯੂ ਦੀਆਂ ਰਾਜ ਕਮੇਟੀਆਂ ਨੇ ਮਨੀਪੁਰ ਦੀਆਂ ਘਟਨਾਵਾਂ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਪਾਰਟੀਆਂ ਦੇ ਸੂਬਾਈ ਸਕੱਤਰ ਸਾਥੀ ਬੰਤ ਬਰਾੜ, ਪਰਗਟ ਸਿੰਘ ਜਾਮਾਰਾਏ, ਗੁਰਮੀਤ ਸਿੰਘ ਬਖ਼ਤਪੁਰ ਅਤੇ ਕਿਰਨਜੀਤ ਸਿੰਘ ਸੇਖੋਂ ਨੇ ਸੂਬਾ ਵਾਸੀਆਂ ਨੂੰ ਇਸ ਖ਼ਿਲਾਫ਼ 24 ਅਤੇ 25 ਜੁਲਾਈ ਨੂੰ ਕਾਲੇ ਬਿੱਲੇ ਲਾਉਣ ਅਤੇ ਕਾਲੇ ਝੰਡੇ ਲੈ ਕੇ ਤਿੱਖੇ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ।