ਮਨੀਪੁਰ ਹਿੰਸਾ ਖ਼ਿਲਾਫ਼ ਜਨਤਕ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰੇ
ਪੱਤਰ ਪ੍ਰੇਰਕ
ਗੁਰਦਾਸਪੁਰ, 1 ਅਗਸਤ
ਮਨੀਪੁਰ ਵਿੱਚ ਔਰਤਾਂ ਦੀ ਨਿਰਵਸਤਰ ਪਰੇਡ ਕਰਵਾਉਣ ਤੇ ਹਿੰਸਕ ਘਟਨਾਵਾਂ ਖ਼ਿਲਾਫ਼ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਔਰਤਾਂ ਵੱਲੋਂ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਡਿਪਟੀ ਕਮਿਸ਼ਨਰ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ ਗਿਆ। ਸ਼ਹਿਰ ਅੰਦਰ ਰੋਸ ਮਾਰਚ ਕਰਨ ਤੋਂ ਪਹਿਲਾਂ ਸਥਾਨਕ ਨਹਿਰੂ ਪਾਰਕ ਵਿਖੇ ਇੱਕਠੇ ਹੋ ਕੇ ਰੈਲੀ ਕੀਤੀ ਗਈ। ਬੁਲਾਰਿਆਂ ਨੇ ਸੰਬੋਧਨ ਕਰਦੇ ਮਨੀਪੁਰ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਮਨੀਪੁਰ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਇਸ ਮੌਕੇ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂਆਂ ਬਲਬੀਰ ਸਿੰਘ ਰੰਧਾਵਾ, ਜੋਗਿੰਦਰ ਸਿੰਘ ਖੰਨਾ ਤੇ ਨਿਰਮਲ ਸਿੰਘ ਝੰਗੀ ਆਦਿ ਨੇ ਸੰਬੋਧਨ ਕੀਤਾ।
ਤਰਨ ਤਾਰਨ (ਪੱਤਰ ਪ੍ਰੇਰਕ): ਮਨੀਪੁਰ ਦੀਆਂ ਘਟਨਾਵਾਂ ਖਿਲਾਫ਼ ਇਸਾਈ ਭਾਈਚਾਰੇ ਨਾਲ ਸਬੰਧਿਤ ਸੰਸਥਾਵਾਂ ਵਲੋਂ ‘ਮਸੀਹੀ ਏਕਤਾ ਮੰਚ’ ਦੇ ਝੰਡੇ ਹੇਠ ਅੱਜ ਇਥੇ ਇਕ ਰੋਸ ਮਾਰਚ ਕਰਨ ਉਪਰੰਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਰੋਸ ਵਿਖਾਵਾ ਕੀਤਾ| ਸੰਸਥਾਵਾਂ ਨੇ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਇਕ ਮੰਗ ਦੇ ਕੇ ਮਨੀਪੁਰ ਦੀ ਸੂਬਾ ਸਰਕਾਰ ਨੂੰ ਭੰਗ ਕਰਕੇ ਉਥੇ ਰਾਸ਼ਟਰਪਤੀ ਰਾਜ ਲਗਾਉਣ ਦੀ ਮੰਗ ਕੀਤੀ| ਇਸ ਮੌਕੇ ਸੈਮੂਅਲ ਮੱਟੂ, ਡੇਨੀਅਲ ਬੀ ਦਾਸ ਤੇ ਪਾਸਟਰ ਜੌਰਜ ਲਖਨਾ ਆਦਿ ਨੇ ਸੰਬੋਧਨ ਕੀਤਾ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਮਨੀਪੁਰ ਹਿੰਸਾ ਖ਼ਿਲਾਫ਼ ਅੱਡਾ ਮਾਹਿਲਪੁਰ ਵਿੱਚ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਮਹਿਲਾ ਆਗੂ ਸੋਨੀਆ ਦੀ ਅਗਵਾਈ ਹੇਠ ਕੇਂਦਰ ਖਿਲਾਫ਼ ਮੁਜ਼ਾਹਰਾ ਕੀਤਾ।
ਅੰਮ੍ਰਿਤਸਰ (ਪੱਤਰ ਪ੍ਰੇਰਕ): ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਸੱਦੇ ’ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਜ਼ਿਲ੍ਹਾ ਕਨਵੀਨਰ ਗੁਰਦੀਪ ਸਿੰਘ ਬਾਜਵਾ, ਸੁਖਦੇਵ ਸਿੰਘ ਪੰਨੂ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ ਗਿਆ ਅਤੇ ਡੀਸੀ ਰਾਹੀਂ ਰਾਸ਼ਟਰਪਤੀ ਤੇ ਚੀਫ਼ ਜਸਟਿਸ ਦੇ ਨਾਮ ਰੋਸ ਪੱਤਰ ਭੇਜੇ ਗਏ।