ਪੰਜਢੇਰਾਂ ਕਲਾਂ ਮੰਡੀ ’ਚ ਤੁਲਾਈ ਨਾ ਹੋਣ ’ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ
ਜਗਜੀਤ ਸਿੰਘ
ਮੁਕੇਰੀਆਂ, 9 ਅਕਤੂਬਰ
ਮੁਕੇਰੀਆਂ ਦੀ ਪੰਜਢੇਰਾਂ ਕਲਾਂ ਮੰਡੀ ਵਿੱਚ ਕਰੀਬ ਹਫ਼ਤੇ ਭਰ ਤੋਂ ਝੋਨੇ ਦੀ ਖਰੀਦ ਸ਼ੁਰੂ ਨਾ ਹੋਣ ਖ਼ਿਲਾਫ਼ ਜਮਹੂਰੀ ਕਿਸਾਨ ਸਭਾ ਤਹਿਸੀਲ ਮੁਕੇਰੀਆਂ ਦੇ ਪ੍ਰਧਾਨ ਤਰਲੋਕ ਸਿੰਘ ਕਾਲੂ ਚਾਂਗ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਖਰੀਦ ਤੁਰੰਤ ਸ਼ੁਰੂ ਨਾ ਹੋਣ ’ਤੇ ਭਲਕੇ ਪੁਤਲਾ ਫੂਕ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਪਿਛਲੇ ਹਫ਼ਤੇ ਆਪਣਾ ਝੋਨਾ ਟਰਾਲੀਆਂ ਭਰ ਕੇ ਵੇਚਣ ਲਈ ਪੰਜਢੇਰਾਂ ਕਲਾਂ ਮੰਡੀ ਵਿੱਚ ਬੈਠੇ ਹੋਏ ਹਨ, ਪਰ ਹਾਲੇ ਤੱਕ ਇੱਕ ਵੀ ਬੋਰੀ ਦੀ ਮੰਡੀ ਵਿੱਚ ਤੁਲਾਈ ਨਹੀਂ ਹੋਈ। ਜਮਹੂਰੀ ਕਿਸਾਨ ਸਭਾ ਪੰਜਾਬ ਤਹਿਸੀਲ ਪ੍ਰਧਾਨ ਤਰਲੋਕ ਸਿੰਘ ਨੇ ਕਿਹਾ ਜੇਕਰ 24 ਘੰਟਿਆਂ ਦੇ ਅੰਦਰ ਅੰਦਰ ਪੰਜਢੇਰਾਂ ਕਲਾਂ ਦੀ ਮੰਡੀ ਦੇ ਵਿੱਚ ਸਾਰੇ ਕਿਸਾਨਾਂ ਦੇ ਝੋਨੇ ਦੀ ਤਲਾਈ ਸ਼ੁਰੂ ਨਹੀਂ ਹੋਈ ਤਾਂ 24 ਘੰਟਿਆਂ ਬਾਅਦ ਪੰਜਾਬ ਤੇ ਕੇਂਦਰ ਤੇ ਸੂਬਾ ਸਰਕਾਰ ਸਣੇ ਪ੍ਰਸ਼ਾਸਨ ਦਾ ਪੁਤਲਾ ਫੂਕਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ, ਧਰਮਿੰਦਰ ਸਿੰਘ, ਬਲਵੰਤ ਸਿੰਘ ਜਗਵੀਰ ਸਿੰਘ ਪੰਜਢੇਰਾਂ ਕਲਾਂ, ਸੁਭਾਸ਼ ਚੰਦ, ਪਵਨ ਕੁਮਾਰ, ਬਲਦੇਵ ਕ੍ਰਿਸ਼ਨ, ਪਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਬਲਦੇਵ ਸਿੰਘ, ਗੁਰਦੀਪ ਸਿੰਘ, ਰਾਜਵਿੰਦਰ ਸਿੰਘ, ਅਸ਼ੋਕ ਕੁਮਾਰ, ਜਤਿੰਦਰ, ਪਵਨ, ਰਵਿੰਦਰ ਸਿੰਘ, ਗੁਰਸੇਵਕ ਸਿੰਘ ਹਾਜ਼ਰ ਸਨ।
ਕਾਹਨੂੰਵਾਨ (ਵਰਿੰਦਰਜੀਤ ਸਿੰਘ ਜਾਗੋਵਾਲ): ਬੇਟ ਖੇਤਰ ਦੇ ਮੁੱਖ ਖ਼ਰੀਦ ਕੇਂਦਰ ਭੈਣੀ ਮੀਆਂ ਖਾਂ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂ ਨਿਸ਼ਾਨ ਸਿੰਘ ਮੇਹੜੇ ਅਤੇ ਕੈਪਟਨ ਸ਼ਮਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਝੋਨੇ ਦੀ ਫਸਲ ਵਢਾਈ ਤੋਂ ਬਾਅਦ ਖ਼ਰੀਦ ਕੇਂਦਰ ਵਿੱਚ ਪਹੁੰਚਣ ਉੱਤੇ ਮੰਡੀ ਬੋਰਡ ਵੱਲੋਂ ਸਮਾਂ ਰਹਿੰਦਿਆਂ ਖ਼ਰੀਦ ਦੇ ਪ੍ਰਬੰਧ ਨਹੀਂ ਕੀਤੇ ਜਾ ਰਹੇ, ਜਿਸ ਕਾਰਨ ਕਿਸਾਨਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੀ ਆਵਾਜ਼ ਬਣਨ ਦੇ ਦਾਅਵੇ ਕਰਕੇ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਈ ਹੈ ਪਰ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਨਾਲ ਇਨਸਾਫ਼ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀ ਫ਼ਸਲ ਦੀ ਖ਼ਰੀਦ ਸਮੇਂ ਸਿਰ ਨਾ ਕੀਤੀ ਗਈ ਤਾਂ ਉਹ ਫਿਰ ਤੋਂ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਜਰਨੈਲ ਸਿੰਘ ਲਾਧੂਪੁਰ, ਸਲਵਿੰਦਰ ਸਿੰਘ ਰਿਆੜ, ਰਮੇਸ਼ ਚੰਦਰ ਸ਼ੀਹ ਭੱਟੀ, ਉੱਤਮ ਸਿੰਘ, ਗੁਰਪ੍ਰੀਤ ਸਿੰਘ ਨਾਨੋਵਾਲ ਅਤੇ ਜਸਬੀਰ ਸਿੰਘ ਗੁਰਾਇਆ ਹਾਜ਼ਰ ਸਨ।
ਸ਼ੈਲਰ ਐਸੋਸੀਏਸ਼ਨ ਦੀ ਹੜਤਾਲ ਕਾਰਨ ਝੋਨੇ ਦੀ ਖਰੀਦ ਰੁਕੀ
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਸ਼ਾਹਕੋਟ ਰਾਈਸ ਮਿੱਲਜ਼ ਵੱਲੋਂ ਅੱਜ ਮੁੜ ਹੜਤਾਲ ’ਤੇ ਜਾਣ ਕਾਨ ਝੋਨੇ ਦੀ ਖਰੀਦ ਨੂੰ ਮੁੜ ਬਰੇਕ ਲੱਗ ਗਈਆਂ। ਰਾਈਸ ਮਿੱਲਰਜ਼ ਨੇ ਮੀਟਿੰਗ ਕਰਕੇ ਖਰੀਦ ਏਜੰਸੀਆਂ ਨੂੰ ਮੰਗ ਪੱਤਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਸ਼ੈਲਰਾਂ ਵਿਚ ਝੋਨਾ ਲਗਾਉਣ ਲਈ ਥਾਂ ਨਹੀਂ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਉਹ ਖਰੀਦੇ ਹੋਏ ਹਾਈਬ੍ਰੈੱਡ ਝੋਨੇ ਦੀ ਚੁਕਾਈ ਕਿਸੇ ਵੀ ਕੀਮਤ ’ਤੇ ਨਹੀਂ ਕਰਨਗੇ। ਸ਼ੈਲਰ ਵਾਲਿਆਂ ਦੀ ਹੜਤਾਲ ਕਾਰਨ ਸ਼ਾਹਕੋਟ, ਲੋਹੀਆਂ ਖਾਸ ਅਤੇ ਮਹਿਤਪੁਰ ਵਿਚ ਝੋਨੇ ਦੀ ਖਰੀਦ ਨਹੀਂ ਹੋ ਸਕੀ। ਮਾਰਕੀਟ ਕਮੇਟੀ ਸ਼ਾਹਕੋਟ ਦੇ ਸਕੱਤਰ ਤਜਿੰਦਰ ਕੁਮਾਰ ਨੇ ਕਿਹਾ ਕਿ ਸ਼ਾਹਕੋਟ ਦੀ ਮੰਡੀ ਤਲਵੰਡੀ ਅਤੇ ਭੁੱਲਰ ਤੋਂ ਇਲਾਵਾ ਹੋਰ ਕਿਤੇ ਵੀ ਝੋਨੇ ਦੀ ਖਰੀਦ ਨਹੀਂ ਹੋਈ। ਜ਼ਿਲ੍ਹਾ ਫੂਡ ਐਂਡ ਸਪਲਾਈ ਅਫਸ਼ਰ ਅੰਮਿਤ ਭੱਟੀ ਨੇ ਕਿਹਾ ਕਿ 10 ਅਕਤੂਬਰ ਨੂੰ ਖਰੀਦ ਏਜੰਸੀਆਂ ਦੇ ਇੰਸਪੈਕਟਰ ਇਸ ਸਬੰਧੀ ਮੀਟਿੰਗ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮੋਹਨ ਸਿੰਘ ਬੱਲ ਤੇ ਸਕੱਤਰ ਗੁਰਚਰਨ ਸਿੰਘ ਚਾਹਲ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਖੇਲਾ ਤੇ ਸੰਤੋਖ ਸਿੰਘ ਸੰਧੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਸ ਨੂੰ ਗੰਭੀਰਤਾ ਨਾਲ ਲੈ ਕੇ ਝੋਨੇ ਦੀ ਖਰੀਦ ਤੇ ਚੁਕਾਈ ਨੂੰ ਯਕੀਨੀ ਬਣਾਏ, ਨਹੀਂ ਤਾਂ ਜਥੇਬੰਦੀ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।