ਕਿਸਾਨਾਂ ਵੱਲੋਂ ਕੌਮੀ ਮਾਰਗਾਂ ’ਤੇ ਧਰਨੇ
ਜਸਬੀਰ ਸਿੰਘ ਚਾਨਾ
ਫਗਵਾੜਾ, 21 ਅਕਤੂਬਰ
ਮੰਡੀਆਂ ’ਚੋਂ ਝੋਨੇ ਦੀ ਖਰੀਦ ਨਾ ਸ਼ੁਰੂ ਹੋਣ ਤੋਂ ਖਫ਼ਾ ਹੋਏ ਕਿਸਾਨਾਂ ਨੇ ਅੱਜ ਜੀਟੀ ਰੋਡ ’ਤੇ ਟਰਾਲੀਆਂ ਲਗਾ ਕੇ ਨੈਸ਼ਨਲ ਹਾਈਵੇਜ਼ ਨੂੰ ਜਾਮ ਕਰ ਦਿੱਤਾ ਤੇ ਸ਼ੂਗਰ ਮਿੱਲ ਚੌਕ ਵਿੱਚ ਪੁੱਜ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਤੁਰੰਤ ਝੋਨੇ ਦੀ ਖਰੀਦ ਨੂੰ ਸ਼ੁਰੂ ਕਰਨ ਦੀ ਮੰਗ ਕੀਤੀ। ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਦਿੱਤੇ ਸੱਦੇ ’ਤੇ ਅੱਜ ਕਿਸਾਨ ਦਾਣਾ ਮੰਡੀ ਵਿੱਚ ਇਕੱਠੇ ਹੋਏ। ਇੱਥੋਂ ਟਰਾਲੀਆਂ ਤੇ ਗੱਡੀਆਂ ’ਤੇ ਸਵਾਰ ਹੋ ਕੇ ਸ਼ੂਗਰ ਮਿੱਲ ਚੌਕ ਵਿੱਚ ਪੁੱਜੇ। ਇੱਥੇ ਉਨ੍ਹਾਂ ਜੀਟੀ ਰੋਡ ਜਾਮ ਕਰ ਦਿੱਤਾ। ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਕ੍ਰਿਪਾਲ ਸਿੰਘ ਮੁਸਾਪੂਰ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਝੋਨੇ ਦੀ ਖਰੀਦ ਤੇ ਲਿਫ਼ਟਿੰਗ ਦਾ ਪ੍ਰਬੰਧ ਨਹੀਂ ਕਰਦੀ ਇਹ ਧਰਨਾ ਲਗਾਤਾਰ ਜਾਰੀ ਰਹੇਗਾ। ਦੂਜੇ ਪਾਸੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਆੜ੍ਹਤੀ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਨਰੇਸ਼ ਭਾਰਦਵਾਜ, ਕੁਲਵੰਤ ਰਾਏ ਪੱਬੀ ਆਪਣੇ ਸਾਥੀਆਂ ਸਣੇ ਪੁੱਜੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਕੋਲ ਯੋਗ ਪ੍ਰਬੰਧ ਨਹੀਂ ਹੁੰਦਾ ਉਹ ਹੜਤਾਲ ਜਾਰੀ ਰੱਖਣਗੇ।
ਪੁਲੀਸ ਵੱਲੋਂ ਇੱਕ ਸਾਈਡ ਖੋਲ੍ਹਣ ਦੀ ਅਪੀਲ
ਅੱਜ ਸਵੇਰ ਤੋਂ ਹੀ ਪੁਲੀਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ ਤੇ ਵੱਡੀ ਗਿਣਤੀ ’ਚ ਪੁਲੀਸ ਫ਼ੋਰਸ ਤਾਇਨਾਤ ਸੀ। ਐੱਸਐੱਸਪੀ ਕਪੂਰਥਲਾ ਵਤਸਲਾ ਗੁਪਤਾ, ਐੱਸਪੀ (ਡੀ) ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਪਰ ਕਿਸਾਨ ਆਪਣੀਆਂ ਮੰਗਾਂ ’ਤੇ ਬੇਜਿੱਦ ਰਹੇ। ਯੂਨੀਅਨ ਦੇ ਆਗੂ ਕ੍ਰਿਪਾਲ ਸਿੰਘ ਮੁਸਾਪੂਰ ਨੇ ਦੱਸਿਆ ਕਿ ਪੁਲੀਸ ਪ੍ਰਸ਼ਾਸਨ ਨੇ ਉਨ੍ਹਾਂ ਨਾਲ ਰਾਬਤਾ ਕਰਕੇ ਇੱਕ ਪਾਸਾ ਖੋਲ੍ਹਣ ਲਈ ਕਿਹਾ ਸੀ, ਜਦਕਿ ਸਿਵਲ ਪ੍ਰਸ਼ਾਸਨ ਵੱਲੋਂ ਕੋਈ ਖਾਸ ਗੱਲ ਨਹੀਂ ਰੱਖੀ ਗਈ ਜਿਸ ਦਾ ਕਿਸਾਨਾਂ ’ਚ ਰੋਸ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੰਡੀਆਂ ’ਚ ਝੋਨੇ ਦੀ ਖਰੀਦ ਤੇ ਲਿਫ਼ਟਿੰਗ ਸਹੀ ਢੰਗ ਨਾਲ ਸ਼ੁਰੂ ਨਹੀਂ ਹੁੰਦੀ ਉਦੋਂ ਤੱਕ ਇਹ ਰੋਸ ਜਾਰੀ ਰਹੇਗਾ।
ਆੜ੍ਹਤੀਆਂ ਵੱਲੋਂ ਲਿਫਟਿੰਗ ਨਾ ਹੋਣ ’ਤੇ ਹੜਤਾਲ ਕਰਨ ਦਾ ਐਲਾਨ
ਅੱਜ ਆੜ੍ਹਤੀਆਂ ਵੱਲੋਂ ਇੱਕ ਦਿਨ ਲਈ ਮੰਡੀਆਂ ’ਚ ਝੋਨੇ ਦੀ ਖਰੀਦ ਕੀਤੀ ਗਈ ਹੈ ਪਰ ਮੰਡੀਆਂ ’ਚ ਲਿਫ਼ਟਿੰਗ ਨਾ ਮਾਤਰ ਹੋਈ ਹੈ। ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਭਾਰਦਵਾਜ ਨੇ ਦੱਸਿਆ ਕਿ ਅੱਜ ਇੱਕ ਦਿਨ ਲਈ ਮੰਡੀ ਦਾ ਕੰਮ ਖੋਲ੍ਹਿਆ ਗਿਆ ਕਿਉਂਕਿ ਪਿੰਡਾਂ ’ਚ ਕਿਸਾਨਾਂ ਦਾ ਝੋਨਾ ਕਾਫ਼ੀ ਸਟਾਕ ਹੋਇਆ ਸੀ ਜਿਸ ਤੋਂ ਬਾਅਦ ਕਰੀਬ 1 ਲੱਖ ਬੋਰੀ ਮੰਡੀ ’ਚ ਪੁੱਜੀ। ਉਨ੍ਹਾਂ ਕਿਹਾ ਕਿ ਜੇ ਲਿਫ਼ਟਿੰਗ ਦਾ ਕੰਮ ਸਹੀ ਢੰਗ ਨਾਲ ਚੱਲਿਆ ਤਦ ਹੀ ਉਹ ਖਰੀਦ ਕਰਨਗੇ ਨਹੀਂ ਤਾਂ ਕੱਲ੍ਹ ਤੋਂ ਫ਼ਿਰ ਹੜਤਾਲ ਹੀ ਰਹੇਗੀ। ਉਧਰ, ਐੱਸਡੀਐੱਮ ਜਸ਼ਨਜੀਤ ਸਿੰਘ ਨੇ ਦੱਸਿਆ ਕਿ ਅੱਜ ਮੰਡੀ ’ਚ ਝੋਨੇ ਦੀ ਖਰੀਦ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਅੱਜ ਝੋਨੇ ਦੀ ਲਿਫ਼ਟਿੰਗ ਵੀ ਹੋ ਰਹੀ ਹੈ।
ਨੈਸ਼ਨਲ ਹਾਈਵੇਅ ’ਤੇ ਵਾਹਨਾਂ ਦੀਆਂ ਲੱਗੀਆਂ ਕਤਾਰਾਂ; ਰਾਹਗੀਰ ਪ੍ਰੇਸ਼ਾਨ
ਜਲੰਧਰ (ਪਾਲ ਸਿੰਘ ਨੌਲੀ):
ਝੋਨੇ ਦੀ ਖਰੀਦ ਨਾ ਹੋਣ ਅਤੇ ਲਿਫਟਿੰਗ ਵਿੱਚ ਦੇਰੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਜਲੰਧਰ-ਫਗਵਾੜਾ-ਦਿੱਲੀ ਨੈਸ਼ਨਲ ਹਾਈਵੇਅ ’ਤੇ ਅਣਮਿੱਥੇ ਸਮੇਂ ਲਈ ਧਰਨਾ ਲਗਾਉਣ ਨਾਲ ਜਲੰਧਰ ਅਤੇ ਇਸ ਦੇ 25 ਕਿਲੋਮੀਟਰ ਤੱਕ ਦੇ ਘੇਰੇ ਵਿੱਚ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਇਸ ਜਾਮ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਕਿਸਾਨਾਂ ਵੱਲੋਂ ਲਾਏ ਧਰਨੇ ਕਾਰਨ ਲੋਕ ਲੰਮੇ ਜਾਮ ਵਿੱਚ ਫਸ ਗਏ। ਇਸ ਵਿੱਚ ਐਂਬੂਲੈਂਸਾਂ ਅਤੇ ਬਰਾਤਾਂ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਬੀਕੇਯੂ ਰਾਜੇਵਾਲ ਦੀ ਜਲੰਧਰ ਇਕਾਈ ਨੇ ਪਰਾਗਪੁਰ ਨੇੜੇ ਨੈਸ਼ਨਲ ਹਾਈਵੇਅ ’ਤੇ ਧਰਨਾ ਲਾਇਆ ਹੋਇਆ ਸੀ। ਇਸ ਧਰਨੇ ਵਿੱਚ ਫਸੇ ਲੋਕਾਂ ਨੂੰ ਪਿੰਡਾਂ ਵਿੱਚੋਂ ਤੰਗ ਸੜਕਾਂ ਵਿੱਚੋਂ ਦੀ ਲੰਘਣਾ ਪਿਆ। ਜਲੰਧਰ ਦੇ ਬਾਹਰਵਾਰ ਧਨੋਵਾਲੀ ਰੇਲਵੇ ਕਰਾਸਿੰਗ ਨੇੜੇ ਅਤੇ ਪਿੰਡ ਪਰਾਗਪੁਰ, ਦੋਵਾਂ ਥਾਵਾਂ ਦੇ ਵਿਚਕਾਰ ਕਿਸਾਨਾਂ ਨੇ ਅੱਜ ਦੁਪਹਿਰ ਵੇਲੇ ਸੜਕ ਜਾਮ ਕਰ ਦਿੱਤੀ ਸੀ। ਜਲੰਧਰ ਦੋਵਾਂ ਥਾਵਾਂ ’ਤੇ ਕਿਸਾਨਾਂ ਵੱਲੋਂ ਕੀਤੀ ਸਖ਼ਤ ਨਾਕਾਬੰਦੀ ਕਾਰਨ ਕਈ ਵਾਰ ਲੋਕਾਂ ਦੇ ਨਾਲ ਬਹਿਸਬਾਜ਼ੀ ਵੀ ਹੋ ਗਈ ਤੇ ਖ਼ਾਸ ਕਰਕੇ ਮਰੀਜ਼ਾਂ ਨੂੰ ਵੱਧ ਤਕਲੀਫ ਵਿੱਚੋਂ ਲੰਘਣਾ ਪਿਆ। ਇਸ ਦੌਰਾਨ ਰਾਹਗੀਰ ਕਾਫ਼ੀ ਪ੍ਰੇਸ਼ਾਨ ਹੁੰਦੇ ਦਿਖਾਈ ਦਿੱਤੇ।