ਬਿਜਲੀ ਕਾਮਿਆਂ ਵੱਲੋਂ ਲਗਾਤਰ ਤੀਜੇ ਦਿਨ ਸਮੂਹਿਕ ਛੁੱਟੀ ਲੈ ਕੇ ਰੋਸ ਮੁਜ਼ਾਹਰੇ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 12 ਸਤੰਬਰ
ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਏਓਜੇਈ, ਗਰਿੱਡ ਸਟਾਫ਼ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ’ਤੇ ਬਿਜਲੀ ਕਾਮਿਆਂ ਨੇ ਸਮੂਹਿਕ ਛੁੱਟੀ ਦੇ ਤੀਸਰੇ ਦਿਨ ਮੰਡਲ ਦਫ਼ਤਰ ਦੇ ਗੇਟ ’ਤੇ ਰੈਲੀ ਕੀਤੀ ਗਈ। ਬੁਲਾਰਿਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ 10 ਸਤੰਬਰ ਤੋਂ 12 ਸਤੰਬਰ ਤੱਕ ਦੀ ਸਮੂਹਿਕ ਛੁੱਟੀ ਹੁਣ ਪੰਜ ਦਿਨ ਲਈ ਹੋਰ ਵਧਾ ਕੇ 17 ਸਤੰਬਰ ਤੱਕ ਕਰ ਦਿੱਤੀ ਗਈ ਹੈ। ਇਹ ਸਾਂਝਾ ਸੰਘਰਸ਼ ਮੁਲਾਜ਼ਮਾਂ ਦੀਆਂ ਵਾਜਬ ਮੰਗਾਂ ਤੇ ਮਸਲਿਆਂ ਦਾ ਹੱਲ ਨਾ ਕਰਨ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਲਾਈਨਾਂ ’ਤੇ ਕੰਮ ਕਰਦੇ ਸਮੇਂ ਕਰੰਟ ਨਾਲ ਮੌਤ ਹੋਣ ’ਤੇ ਮੁਲਾਜ਼ਮ ਨੂੰ ਸ਼ਹੀਦ ਦਾ ਦਰਜਾ ਅਤੇ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ, ਗਰਿੱਡਾਂ ’ਤੇ ਕੰਮ ਕਰਦੇ ਆਰਟੀਐੱਮ ਦੀ ਤਰੱਕੀ ਵਿੱਚ ਆਈ ਖੜੋਤ ਦੂਰ ਕਰਕੇ ਏਐੱਸਐੱਸਏ ਦੀ ਤਰੱਕੀ ਕੀਤੀ ਜਾਵੇ ਅਤੇ ਸਹਾਇਕ ਲਾਈਨਮੈਨ ਤੋਂ ਲਾਈਨਮੈਨ ਬਣਾਏ ਜਾਣ, 23 ਸਾਲਾ ਤਰੱਕੀ ਸਕੇਲ ਦਾ ਮਿਲਾਨ ਅਗਲੀ ਤਰੱਕੀ ਦੀ ਥਾਂ ’ਤੇ ਤੀਜੀ ਤਰੱਕੀ ਕੀਤੀ ਜਾਵੇ, ਵਿੱਤ ਸਰਕੂਲਰ ਨੰਬਰ 24/2021 ਦੀ ਤਰਜ਼ ’ਤੇ ਓ.ਸੀ. ਨੂੰ ਬਣਦਾ ਪੇ-ਬੈਂਡ ਦਿੱਤਾ ਜਾਵੇ, ਸੀਆਰਏ 295/19 ਅਧੀਨ ਭਰਤੀ ਹੋਏ ਕਰਮਚਾਰੀਆਂ ਵਿੱਚੋਂ ਰਹਿੰਦੇ ਕਰਮਚਾਰੀਆਂ ਨੂੰ ਪੂਰੇ ਸਕੇਲ ਵਿੱਚ ਤਨਖ਼ਾਹ ਰਿਲੀਜ਼ ਕੀਤੀ ਜਾਵੇ, ਵਰਕ ਲੋਡ ਅਨੁਸਾਰ ਨਵੀਂ ਰੈਗੂਲਰ ਭਰਤੀ ਕੀਤੀ ਜਾਵੇ। ਰੈਲੀ ਨੂੰ ਨਰਿੰਦਰ ਕੁਮਾਰ, ਰਾਜਵੰਤ ਸਿੰਘ ਚੌਂਦਾ, ਜਸਵੀਰ ਸਿੰਘ, ਰਾਮ ਸਿੰਘ, ਜਸਵੀਰ ਸਿੰਘ ਧਾਲੀਵਾਲ, ਗੋਬਿੰਦ ਕਾਂਤ ਝਾਅ, ਰਾਜ ਕਮਲ ਖਾਂ, ਸਾਬਰ ਅਲੀ, ਹਰਵਿੰਦਰ ਸਿੰਘ, ਹਰਪ੍ਰੀਤ ਸਿੰਘ ਗਰੇਵਾਲ, ਅਵਤਾਰ ਸਿੰਘ, ਕਿਸਾਨ ਆਗੂ ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਹਥਨ, ਕੇਵਲ ਸਿੰਘ ਭੜੀ, ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਪਰਮੇਲ ਸਿੰਘ ਹਥਨ, ਪੈਨਸ਼ਨਰਜ਼ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਤੇ ਜਰਨੈਲ ਸਿੰਘ ਨੇ ਵੀ ਸੰਬੋਧਨ ਕੀਤਾ।
ਪਟਿਆਲਾ (ਸਰਬਜੀਤ ਸਿੰਘ ਭੰਗੂ: ਆਪਣੀਆਂ ਮੰਗਾਂ ਦੀ ਪੂਰਤੀ ਲਈ ਤਿੰਨ ਦਿਨਾ ਤੋਂ ਸਮੂਹਿਕ ਛੁੱਟੀ ਲੈ ਕੇ ਸੰਰਘਸ਼ ਕਰ ਰਹੇ ਪੰਜਾਬ ਦੇ ਹਜ਼ਾਰਾਂ ਬਿਜਲੀ ਮੁਲਾਜ਼ਮਾਂ ਨਾਲ ਹਮਦਰਦੀ ਜਾਹਰ ਕਰਦਿਆਂ ਵੱਖ ਵੱਖ ਜਥੇਬੰਦੀਆਂ ਨੇ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ। ਨਾਲ ਹੀ ਸਰਕਾਰ ’ਤੇ ਇਨ੍ਹਾਂ ਹੜਤਾਲੀ ਮੁਲਾਜ਼ਮਾਂ ਦੀਆਂ ਮੰਗਾਂ ਦਾ ਤੁਰੰਤ ਨਿਬੇੜਾ ਕਰਨ ’ਤੇ ਵੀ ਜ਼ੋਰ ਦਿੱਤਾ ਹੈ। ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ, ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ, ਸਾਬਕਾ ਵਿਧਾਇਕ ਹਰਦਿਆਲ ਕੰਬੋਜ, ਮਦਨ ਲਾਲ ਜਲਾਲਪੁਰ, ਸਾਬਕਾ ਚੇਅਰਮੈਨ ਸੰਤੋਖ ਸਿੰਘ, ਹਲਕਾ ਇੰਚਾਰਜ ਹੈਰੀਮਾਨ,ਜਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ, ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਰਾਜੂਖੰਨਾ, ਸ਼ਰਨਜੀਤ ਸਿੰਘ ਜੋਗੀਪੁਰ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਸਤਵਿੰਦਰ ਸਿੰਘ ਟੌਹੜਾ, ਜਸਮੇਰ ਸਿੰਘ ਲਾਛੜੂ, ਜਰਨੈਲ ਸਿੰਘ ਕਰਤਾਰਪੁਰ, ਨਿਰਮੈਲ ਸਿੰਘ ਜੌਲ਼ਾ ਸਮੇਤ ਜਗਜੀਤ ਸਿੰਘ ਕੋਹਲੀ, ਸੁਰਿੰਦਰ ਸਿੰਘ ਘੁਮਾਣਾ, ਬਲਵਿੰਦਰ ਸਿੰਘਸੈਂਭੀ,ਗਿਆਨ ਭੁਪਿੰਦਰ ਸਿੰਘ ਗੋਲ਼ੂ, ਭਾਜਪਾ ਆਗੂ ਹਰਵਿੰਦਰ ਹਰਪਾਲਪੁਰ, ਜਸਪਾਲ ਸਿੰਘ ਗਗਰੌਲੀ ਤੇ ਲਾਲਜੀਤ ਸਿੰਘ ਲਾਲੀ ਨੇ ਬਿਆਨ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਬਿਜਲੀ ਮੁਲਾਜਮਾਂ ਦੀਆਂ ਮੰਗਾਂ ਪੂਰੀਆ ਕਰਨ ਸਮੇਤ ਹੋਰ ਮਸਲਿਆਂ ਦਾ ਵੀ ਫੌਰੀ ਤੌਰ ’ਤੇ ਹੱਲ ਯਕੀਨੀ ਬਣਾਵੇ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਪੀਐੱਸਈਬੀ ਐਂਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਜ਼ ਵੱਲੋਂ ਪਾਵਰਕੌਮ ਦੇ ਡਵੀਜ਼ਨ ਦਫ਼ਤਰ ਅੱਗੇ ਸਮੂਹਿਕ ਛੁੱਟੀ ਲੈਕੇ ਤੀਜੇ ਦਿਨ ਬੀਕੇਯੂ ਏਕਤਾ ਉਗਰਾਹਾਂ ਤੇ ਹੋਰ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨਾ ਦੇਕੇ ਸੂਬਾ ਸਰਕਾਰ ਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਅਗਲੇ ਸੰਘਰਸ਼ ਦੀ ਰੂਪ-ਰੇਖਾ ਐਲਾਨੀ। ਆਗੂ ਦਵਿੰਦਰ ਸਿੰਘ ਪਿਸ਼ੌਰ, ਪੂਰਨ ਸਿੰਘ ਖਾਈ, ਮਹਿੰਦਰ ਸਿੰਘ ਅਤੇ ਰਾਮਚੰਦਰ ਸਿੰਘ ਖਾਈ ਨੇ ਕਿਹਾ ਕਿ ਜਥੇਬੰਦੀ ਵੱਲੋਂ 13 ਸਤੰਬਰ ਤੋਂ 17 ਸਤੰਬਰ ਤੱਕ ਪੰਜ ਦਿਨਾਂ ਲਈ ਸਮੂਹਿਕ ਛੁੱਟੀ ਭਰ ਕੇ ਮੰਡਲ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸੇ ਤਰ੍ਹਾਂ 17 ਸਤੰਬਰ ਨੂੰ ਹੈੱਡ ਆਫਿਸ ਪਟਿਆਲਾ ਅੱਗੇ ਸੂਬਾ ਪੱਧਰੀ ਰੋਸ ਧਰਨਾ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਫੀਲਡ ਦੌਰੇ ਦੌਰਾਨ ਬਿਜਲੀ ਮੰਤਰੀ ਸਣੇ ਨਿਗਮ ਦੀ ਮੈਨੇਜਮੈਂਟ ਨੂੰ ਕਾਲੇ ਝੰਡੇ ਦਿਖਾਏ ਜਾਣਗੇ।
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਅੱਜ ਪਾਵਰਕੌਮ ਰਾਜਪੁਰਾ ਦੇ ਦਫ਼ਤਰ ਦੇ ਗੇਟ ਮੂਹਰੇ ਮੁਲਾਜ਼ਮਾਂ ਨੇ ਰੋਸ ਧਰਨਾ ਦਿੰਦਿਆਂ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਟੀਐੱਸਯੂ ਦੇ ਪ੍ਰਧਾਨ ਸੁਖਦੇਵ ਸਿੰਘ, ਸੈਕਟਰੀ ਅਰਵਿੰਦਰ ਸਿੰਘ, ਗੁਰਦੀਪ ਸਿੰਘ ਸੈਦਖੇੜੀ, ਇੰਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਨਾਜਰ ਸਿੰਘ, ਏਓ ਜੇਈ ਦੇ ਸਰਕਲ ਆਗੂ ਗੁਰਮੀਤ ਸਿੰਘ ਜੇਈ ਨੇ ਧਰਨੇ ਨੂੰ ਸੰਬੋਧਨ ਕੀਤਾ।
ਸ਼ੇਰਪੁਰ (ਬੀਰਬਲ ਰਿਸ਼ੀ): ਜੁਆਇੰਟ ਫੋਰਮ ਦੇ ਸੱਦੇ ’ਤੇ ਅੱਜ ਪੀਐਸਪੀਸੀਐਲ ਦੇ ਦਫ਼ਤਰ ਸ਼ੇਰਪੁਰ-1 ਅਤੇ ਸ਼ੇਰਪੁਰ -2 ਵਿੱਚ ਕਰਮਚਾਰੀਆਂ ਨੇ ਏਕਤਾ ਦਾ ਸਬੂਤ ਦਿੰਦਿਆਂ ਅੱਜ ਤੀਜੇ ਦਿਨ ਵੀ ਹੜਤਾਲ ਕੀਤੀ ਜਦੋਂ ਕਿ ਕੰਨਰੈਕਟਰ ਵਰਕਰ ਯੂਨੀਅਨ ਦੇ ਆਗੂਆਂ ਵਿੱਚ ਸ਼ੁਮਾਰ ਜਥੇਬੰਦੀ ਦੇ ਸਬ ਡਵੀਜ਼ਨਲ ਪ੍ਰਧਾਨ ਗੁਰਪ੍ਰੀਤ ਸਿੰਘ, ਆਗੂ ਜਸਪਾਲ ਸਿੰਘ, ਹੋਮਨਪ੍ਰੀਤ ਸਿੰਘ, ਬਲਜੀਤ ਕੁਮਾਰ ਅਤੇ ਵਰਿੰਦਰ ਸਿੰਘ ਨੇ ਦੱਸਿਆ ਕਿ ਬਤੌਰ ਬਿੱਲ ਵੰਡਕ, ਖ਼ਜ਼ਾਨਚੀ, ਮੀਟਰ ਰੀਡਰ ਤੌਰ ’ਤੇ ਆਪਣੇ ਹਿੱਸੇ ਦੇ ਕੰਮ ਜਾਰੀ ਰੱਖੇ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਦਰਾਂ-ਪੰਦਰਾਂ ਸਾਲਾਂ ਤੋਂ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਸਮੂਹ ਕੇਡਰ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ।
ਪੰਜਾਬ ਸਰਕਾਰ ਨੂੰ ਸੰਘਰਸ਼ ਤਿੱਖਾ ਕਰਨ ਦੀ ਦਿੱਤੀ ਚਿਤਾਵਨੀ
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਪਾਵਰਕੌਮ ਐਂਡ ਟਰਾਂਸਕੋ ਦੀਆਂ ਵੱਖ-ਵੱਖ ਜਥੇਬੰਦੀਆਂ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਜੂਨੀਅਰ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਸੂਬਾਈ ਜਥੇਬੰਦੀ ਦੇ ਸੱਦੇ ’ਤੇ ਸਮੂਹਿਕ ਛੁੱਟੀ ਦੌਰਾਨ ਮੁਕੰਮਲ ਕੰਮ ਠੱਪ ਕਰਕੇ ਸਥਾਨਕ 33 ਕੇਵੀ ਗਰਿੱਡ ਦੇ ਗੇਟ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਵਿਚ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਵੀ ਭਾਗ ਲਿਆ। ਨਰਿੰਦਰ ਸ਼ਰਮਾ, ਮੇਜਰ ਸਿੰਘ ਜਖੇਪਲ, ਸੁਰਿੰਦਰ ਸਿੰਘ ਬਾਕਸਰ, ਅਜੇ ਕੁਮਾਰ, ਰਜਿੰਦਰ ਕੁਮਾਰ, ਜਗਸੀਰ ਸਿੰਘ ਗਿੱਲ, ਸੁਖਵਿੰਦਰ ਸਿੰਘ, ਗੁਰਦੇਵ ਸਿੰਘ, ਸੁਖਰਾਜ ਸਿੰਘ, ਰਵਨੀਤ ਸਿੰਘ, ਹਰਮੇਲ ਸਿੰਘ ਮਹਿਰੋਕ, ਜਗਦੇਵ ਸਿੰਘ ਬਾਹੀਆ, ਬਲਜੀਤ ਸਿੰਘ, ਗੁਰਤੇਜ ਸਿੰਘ, ਰਾਜ ਸ਼ਰਮਾ ਅਤੇ ਵਰਸ਼ ਅਲੀ ਨੇ ਪਾਵਰਕੌਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਜਲੀ ਕਾਮਿਆਂ ਦੀਆਂ ਮੰਗਾਂ ਨੂੰ ਮੰਨਿਆਂ ਨਾਂ ਗਿਆ ਤਾਂ ਸ਼ੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਸਾਥੀ ਜਗਦੇਵ ਸਿੰਘ ਬਾਹੀਆ ਮੀਤ ਪ੍ਰਧਾਨ ਪੰਜਾਬ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨ ਯੂਨੀਅਨ ਨੇ ਸ਼ੰਘਰਸ਼ ਕਰ ਮੁਲਾਜ਼ਮਾਂ ਨੂੰ ਪੂਰਨ ਹਮਾਇਤ ਦੇਣ ਦਾ ਵਿਸ਼ਵਾਸ ਦਿਵਾਇਆ।
ਬਿਜਲੀ ਮੁਲਾਜ਼ਮਾਂ ਵੱਲੋਂ ਐਕਸੀਅਨ ਦਫ਼ਤਰ ਅੱਗੇ ਰੋਸ ਧਰਨਾ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਬਿਜਲੀ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਰੋਸ ਵਜੋਂ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ ਲੈ ਕੇ ਹੜਤਾਲ ਦੇ ਅਖਰੀਲੇ ਦਿਨ ਡਿਵੀਜ਼ਨ ਦਫ਼ਤਰ ਪਾਤੜਾਂ ਸਾਹਮਣੇ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਐਂਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੇ ਆਗੂ ਅਜੀਤ ਸਿੰਘ ਮੌਲਵੀਵਾਲਾ, ਹਰੀ ਸਿੰਘ ਚਹਿਲ, ਅਕਬਰ ਖਾਂ, ਬਲਵਿੰਦਰ ਹਾਮਝੇੜ੍ਹੀ, ਦਰਸ਼ਨ ਸਿੰਘ ਲਾਡਵੰਜਾਰਾ ਅਤੇ ਸੁਖਰਾਜ ਸਿੰਘ ਨੇ ਕਿਹਾ ਕਿ ਜੇਕਰ ਪਾਵਰਕੌਮ ਮੈਨੇਜਮੈਂਟ ਨੇ ਅੜੀਅਲ ਵਤੀਰਾ ਨਾ ਛੱਡਿਆ ਤਾਂ ਜਥੇਬੰਦੀਆਂ ਹੋਰ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੀਆਂ।