For the best experience, open
https://m.punjabitribuneonline.com
on your mobile browser.
Advertisement

ਬਿਜਲੀ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਰੋਸ ਮੁਜ਼ਾਹਰੇ

06:42 AM Sep 12, 2024 IST
ਬਿਜਲੀ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਰੋਸ ਮੁਜ਼ਾਹਰੇ
ਉੱਪ ਮੰਡਲ ਭੰਗਾਲਾ ਵਿੱਚ ਰੋਸ ਮੁਜ਼ਾਹਰਾ ਕਰਦੇ ਹੋਏ ਬਿਜਲੀ ਮੁਲਾਜ਼ਮ।
Advertisement

ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 11 ਸਤੰਬਰ
ਜੁਆਇੰਟ ਫੋਰਮ ਪੰਜਾਬ ਅਤੇ ਏਕਤਾ ਮੰਚ ਪੰਜਾਬ ਦੇ ਸੱਦੇ ’ਤੇ ਸਮੂਹਿਕ ਛੁੱਟੀ ਲੈ ਕੇ ਅੱਜ ਦੂਜੇ ਦਿਨ ਸਬ ਡਿਵੀਜਨ ਡੇਹਰੀਵਾਲ ਦਰੋਗਾ ਵਿੱਚ ਬਿਜਲੀ ਮੁਲਾਜ਼ਮਾਂ ਨੇ ਰੋਸ ਧਰਨਾ ਦਿੱਤਾ ਅਤੇ ਪਾਵਰਕੌਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬਿਜਲੀ ਮੁਲਾਜ਼ਮਾਂ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਤੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਨੇ ਮੰਗ ਕੀਤੀ ਹੈ ਕਿ ਪਾਵਰਕੌਮ ਵਿਭਾਗ ਵਿੱਚ ਪਰਖਕਾਲ ਸਮਾਂ ਪੂਰਾ ਕਰ ਚੁੱਕੇ 295/19 ਵਾਲੇ ਸਾਥੀਆ ਨੂੰ ਰੈਗੂਲਰ ਕਰਕੇ ਰੈਗੂਲਰ ਤਨਖਾਹ ਦਿੱਤੀ ਜਾਵੇ, ਆਰਟੀਐੱਮ, ਓਸੀ ਨੂੰ ਪੇਅ ਬੈਂਡ ਦਿੱਤਾ ਜਾਵੇ, ਨਵ-ਨਿਯੁਕਤ ਕਰਮਚਾਰੀਆਂ ਨੂੰ ਬਿਜਲੀ ਰਿਆਇਤ ਦਿੱਤੀ ਜਾਵੇ, ਛੇਵੇਂ ਪੇਅ ਕਮਿਸ਼ਨ ਵਿੱਚ ਤਰੁੱਟੀਆਂ ਨੂੰ ਦੂਰ ਕੀਤਾ ਜਾਵੇ, ਡੀਏ ਦੀਆਂ ਕਿਸ਼ਤਾਂ ਸਣੇ ਬਕਾਇਆ ਏਰੀਅਰ, 9/16/23 ਸਾਲਾਂ ਸਕੇਲ, ਬਿਜਲੀ ਕਰਮਚਾਰੀਆ ਦੀ ਬਿਜਲੀ ਦੇ ਕਰੰਟ ਲੱਗਣ ਨਾਲ ਮੌਤ ਹੋਣ ’ਤੇ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਉਸ ਦੇ ਪਰਿਵਾਰ ਇਕ ਕਰੋੜ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ, ਆਦਿ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਧਰਨੇ ਵਿੱਚ ਪ੍ਰਧਾਨ ਕਸਮੀਰ ਸਿੰਘ, ਅੰਗਰੇਜ਼ ਸਿੰਘ, ਸਤਿੰਦਰ ਪਾਲ, ਕੁਲਵਿੰਦਰ ਸਿੰਘ ਏਜੇਈ, ਬਲਵਿੰਦਰ ਸਿੰਘ, ਹਰਪਾਲ ਸਿੰਘ, ਪਰਮਜੀਤ ਸਿੰਘ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਗਿੱਲ, ਨਿਰਵੈਰ ਸਿੰਘ, ਅਸ਼ੋਕ ਕੁਮਾਰ, ਅਮਰਿੰਦਰ ਸਿੰਘ ਅਤੇ ਰਛਪਾਲ ਸਿੰਘ ਜਫਰਵਾਲ ਹਾਜ਼ਰ ਸਨ।
ਇਸੇ ਦੌਰਾਨ ਜੁਆਇੰਟ ਫੋਰਮ ਪੰਜਾਬ ਅਤੇ ਏਕਤਾ ਮੰਚ ਪੰਜਾਬ ਦੇ ਸੱਦੇ ਉੱਤੇ ਸਮੂਹਿਕ ਛੁੱਟੀ ’ਤੇ ਅੱਜ ਦੂਜੇ ਦਿਨ ਸਬ ਡਿਵੀਜ਼ਨ ਧਾਰੀਵਾਲ ਦੇ ਬਿਜਲੀ ਮੁਲਾਜ਼ਮਾਂ ਨੇ ਰੋਸ ਧਰਨਾ ਦਿੱਤਾ ਅਤੇ ਪਾਵਰਕੌਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਰੈਲੀ ਵਿੱਚ ਸੂਬਾ ਸਕੱਤਰ ਸੁਖਵਿੰਦਰ ਸਿੰਘ ਗਿੱਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਪਠਾਨਕੋਟ (ਐੱਨਪੀ ਧਵਨ): ਜੁਆਇੰਟ ਫੋਰਮ, ਪੰਜਾਬ ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰ ਟੈਕਨੀਕਲ ਸਰਵਿਸ ਯੂਨੀਅਨ ਦੇ ਸੱਦੇ ’ਤੇ ਸਮੂਹ ਪਾਵਰਕੌਮ ਮੁਲਾਜ਼ਮਾਂ ਵੱਲੋਂ ਸੁਜਾਨਪੁਰ ਵਿੱਚ ਉਪ ਮੰਡਲ ਦਫ਼ਤਰ ਦੇ ਬਾਹਰ ਰੋਸ ਰੈਲੀ ਕੀਤੀ ਗਈ, ਜਿਸ ਦੀ ਪ੍ਰਧਾਨਗੀ ਇੰਜਨੀਅਰ ਵਰਿੰਦਰ ਸਿੰਘ, ਸਕੱਤਰ ਵਿਜੇ ਸ਼ਰਮਾ ਅਤੇ ਜਗਦੀਸ਼ ਰਾਜ ਨੇ ਕੀਤੀ। ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਸਿਧਾਂਤਕ ਤੌਰ ’ਤੇ ਮੰਨੀਆਂ ਗਈਆਂ ਮੰਗਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ, ਜਿਸ ਕਰਕੇ ਉਨ੍ਹਾਂ ਨੂੰ ਹੜਤਾਲ ਦਾ ਰਸਤਾ ਅਖਤਿਆਰ ਕਰਨਾ ਪਿਆ। ਪੈਨਸ਼ਨਰਜ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਸ਼ਹਿਰੀ ਤੇ ਦਿਹਾਤੀ ਮੰਡਲ ਪਠਾਨਕੋਟ ਨਾਲ ਸੰਬੰਧਿਤ ਪੈਨਸ਼ਨਰਾਂ ਨੇ ਪਠਾਨਕੋਟ ਵਿਖੇ ਪਾਵਰਕੌਮ ਕੰਪਲੈਕਸ ਵਿੱਚ ਹੰਸਰਾਜ ਸਿੰਘ ਅਤੇ ਦੇਸ ਰਾਜ ਦੀ ਪ੍ਰਧਾਨਗੀ ਹੇਠ ਧਰਨਾ ਲਾਇਆ ਤੇ ਮੁਲਾਜ਼ਮਾਂ ਦੀ ਹੜਤਾਲ ਦਾ ਸਮਰਥਨ ਕੀਤਾ।
ਮੁਕੇਰੀਆਂ (ਜਗਜੀਤ ਸਿੰਘ): ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਅਤੇ ਜੂਨੀਅਰ ਇੰਜਨੀਅਰ ਐਸੋਸੀਏਸ਼ਨ ਦੇ ਸੱਦੇ ’ਤੇ ਮੁਕੇਰੀਆਂ ਮੰਡਲ ਦੇ ਸਾਰੇ ਮੰਡਲਾਂ ਵਿੱਚ ਹੜਤਾਲ ਉਪਰੰਤ ਉਪ ਮੰਡਲ ਭੰਗਾਲਾ ਵਿੱਚ ਹੜਤਾਲ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਪ੍ਰਧਾਨਗੀ ਐਂਪਲਾਈਜ਼ ਫੈਡਰੇਸ਼ਨ ਦੇ ਉੱਪ ਮੰਡਲ ਪ੍ਰਧਾਨ ਜਗਤਾਰ ਸਿੰਘ ਨੇ ਕੀਤੀ। ਇਸ ਮੌਕੇ ਰੋਸ ਮੁਜ਼ਾਹਰੇ ਵਿੱਚ ਸਰਕਲ ਪ੍ਰਧਾਨ ਤਰਲੋਚਨ ਸਿੰਘ ਕੋਲੀਆ ਅਤੇ ਮੰਡਲ ਪ੍ਰਧਾਨ ਜਗਦੀਸ਼ ਸਿੰਘ ਗੁੰਨੋਪੁਰ ਅਤੇ ਮੰਡਲ ਸਕੱਤਰ ਰਾਜਵੰਤ ਸਿੰਘ ਮਹਿਤਾਬਪੁਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪਾਵਰਕੌਮ ਮੈਨੇਜਮੈਂਟ ਨੇ ਮੁਲਾਜ਼ਮਾਂ ਦੀਆਂ ਮੰਗਾਂ ਜਲਦ ਪੂਰੀਆਂ ਨਾ ਕੀਤੀਆਂ ਤਾਂ ਉਹ ਤਿੱਖਾ ਸੰਘਰਸ਼ ਵਿੱਢ ਦੇਣਗੇ।

Advertisement

ਪ੍ਰਬੰਧਕਾਂ ’ਤੇ ਟਾਲ-ਮਟੋਲ ਦਾ ਦੋਸ਼

ਗੁਰਾਇਆ (ਨਰਿੰਦਰ ਸਿੰਘ): ਪਾਵਰਕੌਮ ਦਫ਼ਤਰ ਮੂਹਰੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਰੋਸ ਭਰਪੂਰ ਮੁਜ਼ਾਹਰਾ ਕੀਤਾ। ਮੁਲਾਜ਼ਮ ਮੰਗ ਕਰ ਰਹੇ ਸਨ ਕਿ ਮੁਲਾਜ਼ਮਾਂ ਦੀਆਂ ਮੰਗਾਂ ਜੋ ਬਿਜਲੀ ਮੰਤਰੀ, ਪਾਵਰ ਸੈਕਰੇਟਰੀ, ਪਾਵਰਕੌਮ ਦੀ ਮੈਨੇਜਮੈਂਟ ਅਤੇ ਮੰਚਾਂ ਦੇ ਆਗੂਆਂ ਦੀ ਹਾਜ਼ਰੀ ਵਿੱਚ ਸਹਿਮਤੀ ਨਾਲ ਸਵੀਕਾਰ ਕੀਤੀਆਂ ਗਈਆਂ ਹਨ ਪਰ ਅਫ਼ਸੋਸ ਇਹ ਸਾਰੀਆਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਸਰਕਾਰ, ਪਾਵਰਕੌਮ ਦੀ ਮੈਨੇਜਮੈਂਟ ਲਗਾਤਾਰ ਟਾਲਮਟੋਲ ਕਰ ਰਹੀ ਹੈ। ਪ੍ਰਦਰਸ਼ਨ ਨੂੰ ਸੰਜੀਵ ਕੁਮਾਰ, ਅਵਤਾਰ ਸਿੰਘ, ਜਸਪਾਲ ਸਿੰਘ, ਹਰਪਾਲ ਸਿੰਘ, ਅਵਤਾਰ ਚੰਦ, ਕੁਲਵਿੰਦਰ ਸਿੰਘ, ਲਲਨ ਪ੍ਰਸ਼ਾਦ, ਦਵਿੰਦਰ ਸਿੰਘ, ਦੇਵੀ ਪ੍ਰਸਾਦ ਅਤੇ ਕੁਲਵਿੰਦਰ ਸੋਨੂੰ ਨੇ ਸੰਬੋਧਨ ਕੀਤਾ।

Advertisement

ਪਾਵਰਕੌਮ ਮੁਲਾਜ਼ਮਾਂ ਦੀ ਹੜਤਾਲ ਕਾਰਨ ਕਈ ਥਾਈਂ ਬਿਜਲੀ ਬੰਦ

ਤਰਨ ਤਾਰਨ ਵਿੱਚ ਪਾਵਰਕੌਮ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮੁਲਾਜ਼ਮ।

ਤਰਨ ਤਾਰਨ (ਗੁਰਬਖ਼ਸ਼ਪੁਰੀ): ਪਾਵਰਕੌਮ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਲਈ ਸ਼ੁਰੂ ਕੀਤੇ ਸੰਘਰਸ਼ ਤਹਿਤ ਤਿੰਨ ਦਿਨ ਦੀ ਛੁੱਟੀ ਦੇ ਅੱਜ ਅਖੀਰਲੇ ਦਿਨ ਅਦਾਰੇ ਦਾ ਦਫ਼ਤਰੀ ਅਤੇ ਫੀਲਡ ਦਾ ਕੰਮ ਪ੍ਰਭਾਵਿਤ ਰਿਹਾ। ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਪਾਵਰਕੌਮ ਦੇ ਸਰਕਲ ਦਫ਼ਤਰ ਸਾਹਮਣੇ ਵਿਸ਼ਾਲ ਧਰਨਾ ਦਿੱਤਾ। ਤਜਰਬੇਕਾਰ ਮੁਲਾਜ਼ਮਾਂ ਨੇ ਸਮੂਹਿਕ ਪੱਧਰ ’ਤੇ ਛੁੱਟੀ ਉੱਤੇ ਹੋਣ ਕਰਕੇ ਅੱਜ ਤਰਨ ਤਾਰਨ ਸ਼ਹਿਰ ਤੋਂ ਇਲਾਵਾ ਕਈ ਪਿੰਡਾਂ ਦੀ ਬਿਜਲੀ ਗੁੱਲ ਰਹੀ। ਸੰਘਰਸ਼ ਦਾ ਇਹ ਸੱਦਾ ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਵਲੋਂ ਸਾਂਝੇ ਤੌਰ ’ਤੇ ਦਿੱਤਾ ਗਿਆ ਹੈ। ਅਦਾਰੇ ਨੇ ਖਾਨਾਪੂਰਤੀ ਕਰਨ ਲਈ ਕੁਝ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਬਿਜਲੀ ਘਰਾਂ ਤੋਂ ਸਪਲਾਈ ਬਹਾਲ ਕਰਨ ਲਈ ਜ਼ਿੰਮੇਵਾਰੀ ਦਿੱਤੀ ਹੈ ਅਤੇ ਕੋਈ ਨੁਕਸ ਪੈਣ ’ਤੇ ਉਹ ਬਿਜਲੀ ਸਪਲਾਈ ਬਹਾਲ ਕਰਨ ਤੋਂ ਅਸਮਰੱਥ ਹਨ। ਆਗੂਆਂ ਨੇ ਸੰਬੋਧਨ ਕਰਦਿਆਂ ਮੁਲਾਜ਼ਮਾਂ ਦੀਆਂ ਮੰਗਾਂ ਮੰਨੇ ਜਾਣ ਦੀ ਮੰਗ ਕੀਤੀ ਅਤੇ ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਤੋਂ ਇਨਕਾਰ ਕਰਨ ’ਤੇ ਆਪਣਾ ਸੰਘਰਸ਼ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਹੈ। ਡਿਪਟੀ ਚੀਫ਼ ਇੰਜਨੀਅਰ/ਓਪਰੇਸ਼ਨ ਸਰਕਲ ਤਰਨ ਤਾਰਨ ਮੋਹਤਮ ਸਿੰਘ ਨੇ ਦੱਸਿਆ ਕਿ ਬਿਜਲੀ ਸਪਲਾਈ ਮੁਹੱਈਆ ਕਰਵਾਉਣਾ ਇੱਕ ਵੱਡੀ ਚੁਣੌਤੀ ਹੈ, ਪਰ ਬਾਕੀ ਸਟਾਫ਼ ਲਗਾਤਾਰ ਦਿਨ ਰਾਤ ਕੰਮ ਕਰ ਰਿਹਾ ਹੈ ਜਿਸ ਨਾਲ ਉਹ ਇਸ ਔਖੇ ਸਮੇਂ ਵਿੱਚ ਲੋਕਾਂ ਨੂੰ ਬਣਦੀਆਂ ਸੇਵਾਵਾਂ ਦੇ ਸਕਣਗੇ।

Advertisement
Author Image

Advertisement