ਅਮਨ-ਕਾਨੂੰਨ ਦੀ ਮਾੜੀ ਸਥਿਤੀ ਖ਼ਿਲਾਫ਼ ਕਾਂਗਰਸੀਆਂ ਵੱਲੋਂ ਧਰਨੇ
ਹਤਿੰਦਰ ਮਹਿਤਾ
ਜਲੰਧਰ, 19 ਸਤੰਬਰ
ਪੰਜਾਬ ਵਿੱਚ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਦੇ ਵਿਰੋਧ ਵਿੱਚ ਥਾਣਾ ਆਦਮਪੁਰ ਅੱਗੇ ਹਲਕਾ ਵਿਧਾਇਕ ਸੁਖਵਿੰਦਰ ਕੋਟਲੀ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਅਤੇ ਡੀਐੱਸਪੀ ਰਜੇਸ਼ ਕੁਮਾਰ ਸ਼ਰਮਾ ਨੂੰ ਮੰਗ ਪੱਤਰ ਦਿੱਤਾ। ਇਸ ਦੇ ਨਾਲ ਹੀ ਰਾਹੁਲ ਗਾਂਧੀ ਖਿਲਾਫ਼ ਮੰਦੀ ਭਾਸ਼ਾ ਦੀ ਵਰਤੋਂ ਕਰਨ ਖ਼ਿਲਾਫ਼ ਕੇਂਦਰੀ ਮੰਤਰੀ ਰਵਨੀਤ ਬਿੱਟੂ ਦਾ ਪੁਤਲਾ ਸਾੜਿਆ। ਇਸ ਮੌਕੇ ਹਲਕਾ ਵਿਧਾਇਕ ਸੁਖਵਿੰਦਰ ਕੋਟਲੀ ਨੇ ਦੱਸਿਆ ਆਪ ਸਰਕਾਰ ਦੇ ਰਾਜ ਵਿੱਚ ਸੂਬੇ ਵਿੱਚ ਦਿਨ ਦਿਹਾੜੇ ਹੋ ਰਹੀਆਂ ਲੁੱਟਾਂ ਖੋਹਾਂ ਤੇ ਕਤਲ ਦੀਆਂ ਵਾਰਦਾਤਾਂ ਸਮੇਤ ਗੈਂਗਸਟਰਵਾਦ ਹੋਣ ਕਰਕੇ ਆਮ ਲੋਕਾਂ ਦੇ ਦਿਲਾਂ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਫਿਰ ਲੋਕ ਸੜਕਾਂ ’ਤੇ ਆ ਜਾਣਗੇ।
ਪ੍ਰਦਰਸ਼ਨ ਦੀ ਸਮਾਪਤੀ ਉਪਰੰਤ ਕਾਂਗਰਸ ਵਰਕਰਾਂ ਵੱਲੋਂ ਰਾਹੁਲ ਗਾਂਧੀ ’ਤੇ ਟਿੱਪਣੀ ਕਰਨ ’ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਸ਼ਹਿਰੀ ਪ੍ਰਧਾਨ ਦਸ਼ਿਵੰਦਰ ਕੁਮਾਰ, ਪ੍ਰਧਾਨ ਨਗਰ ਕੌਂਸਲ ਦਰਸ਼ਨ ਸਿੰਘ ਕਰਵਲ, ਸੰਮਤੀ ਮੈਂਬਰ ਹਰੀਪੁਰ ਪਰਮਿੰਦਰ ਸਿੰਘ ਸੋਢੀ, ਹਨੀ ਜੋਸ਼ੀ ਯੂਥ ਪ੍ਰਧਾਨ ਜੰਡੂ ਸਿੰਘਾ, ਪਰਮਿੰਦਰ ਸਿੰਘ ਮੱਲੀ ਬਲਾਕ ਪ੍ਰਧਾਨ ਭੋਗਪੁਰ, ਦੀਪਕ ਗੁਪਤਾ ਅਲਾਵਲਪੁਰ, ਨਿਧੀ ਤਿਵਾੜੀ ਮਹਿਲਾ ਵਿੰਗ, ਸਤਿਆ ਦੇਵੀ ਚੇਅਰਪਰਸਨ, ਲੱਖਣ ਬਾਹਰੀ ਯੂਥ ਪ੍ਰਧਾਨ ਸ਼ਹਿਰੀ, ਸੁਸ਼ਮਾ ਕੁਮਾਰੀ ਕੌਂਸਲਰ, ਜਸਵੰਤ ਕੌਰ, ਬਲਵੀਰ ਕੌਰ ਮਹਿਲਾ ਪ੍ਰਧਾਨ ਆਦਮਪੁਰ ਸਮੇਤ ਕਾਂਗਰਸੀ ਵਰਕਰ ਹਾਜ਼ਰ ਸਨ।
ਫਿਲੌਰ (ਸਰਬਜੀਤ ਗਿੱਲ): ਪੰਜਾਬ ’ਚ ਵਿਗੜ ਰਹੀ ਕਾਨੂੰਨ ਵਿਵਸਥਾ ਤੋਂ ਤੰਗ ਹੋ ਕੇ ਕਾਂਗਰਸੀ ਪਾਰਟੀ ਵੱਲੋਂ ਸਥਾਨਕ ਡੀਐੱਸਪੀ ਦਫ਼ਤਰ ਅੱਗੇ ਧਰਨਾ ਲਗਾਇਆ। ਬਲਾਕ ਕਾਂਗਰਸ ਰੁੜਕਾ ਕਲਾਂ ਦੇ ਪ੍ਰਧਾਨ ਰਾਕੇਸ਼ ਦੁੱਗਲ ਦੀ ਅਗਵਾਈ ਹੇਠ ਲਗਾਏ ਧਰਨੇ ਦੌਰਾਨ ਆਗੂਆਂ ਨੇ ਚਿੰਤਾ ਪ੍ਰਗਟਾਈ ਕਿ ਦਿਨ-ਦਿਹਾੜੇ ਲੁੱਟਾਂ ਖੋਹਾਂ ਅਤੇ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਹਨ।
ਇਸ ਮੌਕੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਜੀਤ ਸਿੰਘ, ਸਾਬਕਾ ਵਾਈਸ ਪ੍ਰਧਾਨ ਬਲਾਕ ਸੰਮਤੀ ਫਿਲੌਰ ਜਸਵਿੰਦਰ ਸਿੰਘ ਜੱਸੀ, ਪ੍ਰਿਥੀਪਾਲ ਸਿੰਘ ਖਹਿਰਾ, ਜ਼ਿਲ੍ਹਾ ਪਰਿਸ਼ਦ ਮੈਂਬਰ ਸੁਰਜੀਤ ਸਿੰਘ ਲੱਲੀਆਂ, ਅੰਮ੍ਰਿਤਪਾਲ ਭੌਂਸਲੇ, ਰਜਿੰਦਰ ਸੰਧੂ, ਯਸ਼ਪਾਲ ਗਿੰਡਾ ਕੌਂਸਲਰ ਤੇ ਦੇਸ ਰਾਜ ਮੱਲ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦਾ ਪੁਲੀਸ ਪ੍ਰਸ਼ਾਸਨ ਹੱਥ ’ਤੇ ਹੱਥ ਧਰ ਕੇ ਬੈਠਾ ਤਮਾਸ਼ਾ ਦੇਖ ਰਿਹਾ ਹੈ। ਲੋਕਾਂ ਨੂੰ ਰਾਹ ਜਾਂਦਿਆਂ ਬੰਦੂਕ ਦੀ ਨੋਕ ’ਤੇ ਲੁੱਟ ਲਿਆ ਜਾਂਦਾ ਹੈ। ਨਵੀਂ ਸਰਕਾਰ ਵੇਲੇ ਵਪਾਰੀ ਵਰਗ ਨੂੰ ਫਿਰੌਤੀਆਂ ਦੀਆਂ ਧਮਕੀਆਂ ਹਰ ਰੋਜ਼ ਮਿਲ ਰਹੀਆਂ ਹਨ। ਆਗੂਆਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਪਾਸੇ ਕੋਈ ਠੋਸ ਕਦਮ ਚੁੱਕਿਆ ਜਾਵੇ। ਧਰਨੇ ਦੌਰਾਨ ਆਗੂਆਂ ਨੇ ਡੀਐੱਸਪੀ ਫਿਲੌਰ ਸਰਵਣ ਸਿੰਘ ਬੱਲ ਨੂੰ ਇੱਕ ਮੰਗ ਪੱਤਰ ਦਿੱਤਾ।
ਸ਼ਾਹਕੋਟ (ਗੁਰਮੀਤ ਖੋਸਲਾ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਿੱਤੇ ਸੱਦੇ ’ਤੇ ਸੂਬੇ ਦੀ ਮਾਨ ਸਰਕਾਰ ਦੀਆਂ ਨਾਕਾਮੀਆਂ ਖਿਲਾਫ ਅੱਜ ਹਲਕਾਂ ਸ਼ਾਹਕੋਟ ਦੇ ਕਾਂਗਰਸੀਆਂ ਨੇ ਡੀਐੱਸਪੀ ਸ਼ਾਹਕੋਟ ਦੇ ਦਫਤਰ ਅੱਗੇ ਧਰਨਾ ਲਗਾਇਆ। ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਤੇ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਪੰਜਾਬ ਅੰਦਰ ਹੋ ਰਹੀਆਂ ਲੁੱਟਾਂ-ਖੋਹਾਂ, ਚੋਰੀਆਂ, ਡਕੈਤੀਆਂ, ਫਿਰੌਤੀਆਂ ਅਤੇ ਕਤਲਾਂ ਕਾਰਨ ਲੋਕ ਡਰ ਅਤੇ ਸਹਿਮ ਦੇ ਛਾਏ ਥੱਲੇ ਜੀਅ ਰਹੇ ਹਨ। ਇਲਾਕਾ ਮਹਿਤਪੁਰ ਦੇ ਸੀ.ਪੀ.ਆਈ ਦੇ ਅਨੇਕਾਂ ਵਰਕਰ ਸੋਨੂੰ ਮਹਿਤਪੁਰ ਦੀ ਅਗਵਾਈ ਵਿੱਚ ਧਰਨੇ ’ਚ ਪੁੱਜੇ।
ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਸੂਬੇ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਦੇ ਵਿਰੋਧ ਵਿੱਚ ਵਿਧਾਨ ਸਭਾ ਹਲਕਾ ਕਰਤਾਰਪੁਰ ਵਿੱਚ ਹਲਕਾ ਇੰਚਾਰਜ ਰਾਜਿੰਦਰ ਸਿੰਘ ਦੀ ਅਗਵਾਈ ਵਿੱਚ ਪ੍ਰਦਰਸ਼ਨ ਕਰ ਕੇ ਡੀਐੱਸਪੀ ਸਬ ਡਿਵੀਜ਼ਨ ਕਰਤਾਰਪੁਰ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਹਲਕਾ ਇੰਚਾਰਜ ਰਾਜਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਇਸ ਮੌਕੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਕੰਗ ਜਗਤਾਰ ਸਿੰਘ ਸੋਢੀ ਨਿਰਮਲ ਗਾਖਲ ਸ਼ਹਿਰੀ ਪ੍ਰਧਾਨ ਗੋਪਾਲ ਸੂਦ ਮਹਿਲਾ ਪ੍ਰਧਾਨ ਜਲੰਧਰ ਦਿਹਾਤੀ ਰੇਨੂ ਸੇਠ ਸ਼ਹਿਰੀ ਪ੍ਰਧਾਨ ਹਰਬੰਸ ਕੌਰ ਹਰਪ੍ਰੀਤ ਕੌਰ ਕੌਂਸਲਰ ਬਾਲ ਕਿਸ਼ਨ ਬਾਲੀ ਮੌਜੂਦ ਸਨ।