ਬੈਂਕ ਯੂਨੀਅਨਾਂ ਵੱਲੋਂ ਵੱਖ-ਵੱਖ ਥਾਈਂ ਰੋਸ ਪ੍ਰਦਰਸ਼ਨ
ਪੱਤਰ ਪ੍ਰੇਰਕ
ਚੰਡੀਗੜ੍ਹ, 26 ਜੁਲਾਈ
ਬੈਂਕ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀਆਂ 9 ਟਰੇਡ ਯੂਨੀਅਨਾਂ ਦੀ ਸੰਸਥਾ ‘ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂਐੱਫਬੀਯੂ)’ ਦੇ ਸੱਦੇ ’ਤੇ ਅੱਜ ਟ੍ਰਾਈਸਿਟੀ ਵਿੱਚ ਤਿੰਨ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਚੰਡੀਗੜ੍ਹ ਦੇ ਸੈਕਟਰ-17 ਸਥਿਤ ਬੈਂਕ ਸਕੇਅਰ ਅੱਗੇ, ਮੁਹਾਲੀ ਵਿੱਚ ਸੈਕਟਰ-68 ਸਥਿਤ ਐੱਸਬੀਆਈ ਦੇ ਸਾਹਮਣੇ ਅਤੇ ਪੰਚਕੂਲਾ ਵਿੱਚ ਸੈਕਟਰ-5 ਸਥਿਤ ਐੱਸ.ਬੀ.ਆਈ. ਬਿਲਡਿੰਗ ਦੇ ਸਾਹਮਣੇ ਦਿੱਤੇ ਗਏ ਧਰਨਿਆਂ ਵਿੱਚ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਬੈਂਕ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੇ ਧਰਨਿਆਂ ਨੂੰ ਸੰਬੋਧਨ ਕਰਦਿਆਂ 30 ਅਤੇ 31 ਜੁਲਾਈ ਨੂੰ ਦੋ ਦਨਿਾ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਧਰਨਿਆਂ ਦੌਰਾਨ ਸੰਬੋਧਨ ਕਰਦਿਆਂ ਜਗਦੀਸ਼ ਰਾਏ, ਟੀਐੱਸ ਸੱਗੂ ਤੇ ਹੋਰਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ’ਚ ਬੈਂਕਰਾਂ ਲਈ 5 ਦਨਿ ਕੰਮਕਾਜੀ ਹਫ਼ਤੇ ਦੀ ਸ਼ੁਰੂਆਤ, ਪਿਛਲੇ ਸੇਵਾਮੁਕਤ ਕਰਮਚਾਰੀਆਂ ਦੀ ਪੈਨਸ਼ਨ ਨੂੰ ਅੱਪਡੇਟ ਕਰਨਾ, ਬਿਹਤਰ ਗਾਹਕ ਸੇਵਾ ਨੂੰ ਯਕੀਨੀ ਬਣਾਉਣ ਲਈ ਸਾਰੇ ਕੇਡਰਾਂ ਵਿੱਚ ਲੋੜੀਂਦੀ ਭਰਤੀ ਆਦਿ ਸ਼ਾਮਲ ਹਨ।