ਮੇਅਰ ਚੋਣਾਂ ਖ਼ਿਲਾਫ਼ ‘ਆਪ’ ਤੇ ਕਾਂਗਰਸ ਵੱਲੋਂ ਮੁਜ਼ਾਹਰੇ
ਆਤਿਸ਼ ਗੁਪਤਾ
ਚੰਡੀਗੜ੍ਹ, 11 ਫਰਵਰੀ
ਚੰਡੀਗੜ੍ਹ ਮੇਅਰ ਦੀ ਚੋਣ ਖ਼ਿਲਾਫ਼ ਆਮ ਆਦਮੀ ਪਾਰਟੀ (ਆਪ) ਤੇ ਕਾਂਗਰਸ ਵੱਲੋਂ ਰੋਜ਼ਾਨਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅੱਜ ‘ਆਪ’ ਵੱਲੋਂ ਸੈਕਟਰ-17 ਵਿੱਚ ਨਗਰ ਨਿਗਮ ਦਫ਼ਤਰ ਦੇ ਮੂਹਰੇ ਸੰਸਦ ਮੈਂਬਰ ਕਿਰਨ ਖੇਰ ਦਾ ਪੁਤਲਾ ਸਾੜਿਆ ਗਿਆ। ਦੂਜੇ ਪਾਸੇ, ਯੂਥ ਕਾਂਗਰਸ ਨੇ ਸੈਕਟਰ-19 ਵਿੱਚ ਨੰਗੇ ਧੜ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਹੈ।
‘ਆਪ’ ਨੇ ਸੈਕਟਰ-17 ਵਿੱਚ ਨਗਰ ਨਿਗਮ ਦਫ਼ਤਰ ਸਾਹਮਣੇ ਭਾਜਪਾ ਦੀ ਲੋਕ ਸਭਾ ਮੈਂਬਰ ਕਿਰਨ ਖੇਰ ਦਾ ਪੁਤਲਾ ਸਾੜਿਆ। ਇਸ ਦੇ ਨਾਲ ਹੀ ਭਾਜਪਾ ਦੇ ਨਾਮਜ਼ਦ ਕੌਂਸਲਰ ਤੇ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ, ਲੋਕ ਸਭਾ ਮੈਂਬਰ ਕਿਰਨ ਖੇਰ ਤੇ ਭਾਜਪਾ ਦੇ ਸਾਰੇ ਕੌਂਸਲਰਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਚੰਡੀਗੜ੍ਹ ‘ਆਪ’ ਦੇ ਸਹਿ-ਇੰਚਾਰਜ ਡਾ. ਐਸਐਸ ਆਹਲੂਵਾਲੀਆ, ਪ੍ਰੇਮ ਗਰਗ, ਵਿਜੈਪਾਲ, ਮੀਨਾ ਸ਼ਰਮਾ, ਆਭਾ ਬਾਂਸਲ, ਨਰੇਸ਼ ਗਰਗ, ਸੁਖਰਾਜ ਸੰਧੂ, ਗੁਰਮੇਲ ਸਿੰਘ ਸਿੱਧੂ, ਪੀਪੀ ਘਈ, ਕੌਂਸਲਰ ਪ੍ਰੇਮ ਲਤਾ, ਸੁਮਨ ਸ਼ਰਮਾ, ਜਸਵੀਰ ਸਿੰਘ ਲਾਡੀ, ਨੇਹਾ ਮੁਸਾਵਤ, ਮਨੋਵਰ, ਕੁਲਦੀਪ ਕੁਮਾਰ ਤੇ ਜਸਵਿੰਦਰ ਕੌਰ ਤੇ ਵੱਡੀ ਗਿਣਤੀ ’ਚ ‘ਆਪ’ ਵਾਲੰਟੀਅਰ ਮੌਜੂਦ ਰਹੇ।
ਡਾ. ਆਹਲੂਵਾਲੀਆ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਦੀ 30 ਜਨਵਰੀ ਨੂੰ ਹੋਈ ਚੋਣ ਵਾਲੇ ਦਿਨ ਅਨਿਲ ਮਸੀਹ, ਕਿਰਨ ਖੇਰ ਅਤੇ ਭਾਜਪਾ ਕੌਂਸਲਰਾਂ ਨੇ ਲੋਕਤੰਤਰ ਦੀ ਹੱਤਿਆ ਕੀਤੀ ਹੈ। ਉਸ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੇ ਲਈ ਪਿਛਲੇ 8 ਦਿਨਾਂ ਤੋਂ ‘ਆਪ’ ਵੱਲੋਂ ਨਗਰ ਨਿਗਮ ਦੇ ਸਾਹਮਣੇ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਅੱਜ ਪ੍ਰਸ਼ਾਸਨ ਦੀਆਂ ਅੱਖਾਂ ਖੋਲ੍ਹਣ ਲਈ ਲੋਕ ਸਭਾ ਮੈਂਬਰ ਕਿਰਨ ਖੇਰ ਦਾ ਪੁਤਲਾ ਫੂਕਿਆ ਗਿਆ ਹੈ ਤਾਂ ਜੋ ਇਨ੍ਹਾਂ ਖਿਲਾਫ਼ ਪ੍ਰਸ਼ਾਸ਼ਨ ਕੋਈ ਕਾਰਵਾਈ ਕਰ ਸਕੇ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਭਾਜਪਾ ਵੱਲੋਂ ਕੀਤੀ ਧੱਕੇਸ਼ਾਹੀ ਨੂੰ ਚੰਡੀਗੜ੍ਹੀਆਂ ਦੇ ਘਰ-ਘਰ ਪਹੁੰਚ ਕੇ ਜਾਣੂ ਕਰਵਾਇਆ ਜਾਵੇਗਾ।
ਯੂਥ ਕਾਂਗਰਸ ਨੇ ਸੈਕਟਰ-19 ਵਿੱਚ ਕੀਤਾ ਪ੍ਰਦਰਸ਼ਨ
ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਦੀ ਅਗਵਾਈ ਹੇਠ ਯੂਥ ਕਾਂਗਰਸ ਦੇ ਵਰਕਰਾਂ ਨੇ ਸੈਕਟਰ-19 ਵਿੱਚ ਨੰਗੇ ਧੜ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਥ ਕਾਂਗਰਸ ਦੇ ਆਗੂਆਂ ਨੇ ਆਪਣੇ ਸਰੀਰ ’ਤੇ ‘ਲੋਕਤੰਤਰ ਦੀ ਹੱਤਿਆ ਬੰਦ ਕਰੋ’ ਲਿਖ ਕੇ ਪ੍ਰਦਰਸ਼ਨ ਕੀਤਾ ਹੈ। ਕਾਂਗਰਸੀ ਆਗੂ ਹਰਮੇਲ ਕੇਸਰੀ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ ਲੋਕਤੰਤਰ ਦਾ ਘਾਣ ਕਰਨ ਲੱਗੀ ਹੋਈ ਹੈ। ਭਾਜਪਾ ਵੱਲੋਂ ਦੇਸ਼ ਵਿੱਚ ਤਾਨਾਸ਼ਾਹ ਵਤੀਰੇ ਨਾਲ ਸ਼ਾਸਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਤਿੰਨ ਜਣਿਆਂ ਨੂੰ ਭਾਰਤ ਰਤਨ ਦਿੱਤਾ ਹੈ। ਇਸ ਵਿੱਚ ਚੌਧਰੀ ਚਰਨ ਸਿੰਘ ਜਿਨ੍ਹਾਂ ਨੂੰ ਮੌਤ ਹੋਣ ਤੋਂ ਬਾਅਦ ਭਾਰਤ ਰਤਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਵਾਮੀਨਾਥਨ ਨੂੰ ਭਾਰਤ ਰਤਨ ਤਾਂ ਦੇ ਦਿੱਤਾ ਹੈ ਪਰ ਡਾ. ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਨੂੰ ਮੰਨਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਭਾਜਪਾ ਦੀਆਂ ਧੱਕੇਸ਼ਾਹੀਆਂ ਵਿਰੁੱਧ ਆਪਣੀ ਲੜਾਈ ਜਾਰੀ ਰੱਖੀ ਜਾਵੇਗੀ।