For the best experience, open
https://m.punjabitribuneonline.com
on your mobile browser.
Advertisement

ਪੰਜਾਬ ਵਿੱਚ 18 ਟੌਲ ਪਲਾਜ਼ਿਆਂ ’ਤੇ ਰੋਸ ਮੁਜ਼ਾਹਰੇ

08:29 AM Jan 21, 2024 IST
ਪੰਜਾਬ ਵਿੱਚ 18 ਟੌਲ ਪਲਾਜ਼ਿਆਂ ’ਤੇ ਰੋਸ ਮੁਜ਼ਾਹਰੇ
ਭਾਗੋਮਾਜਰਾ ਟੌਲ ਪਲਾਜ਼ਾ ’ਤੇ ਧਰਨਾ ਦਿੰਦੇ ਹੋਏ ਧਰਨਾਕਾਰੀ। -ਫੋਟੋ: ਵਿੱਕੀ ਘਾਰੂ
Advertisement

ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਚੰਡੀਗੜ੍ਹ/ਮੁਹਾਲੀ, 20 ਜਨਵਰੀ
ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਰਵੱਈਏ ਤੋਂ ਨਾਰਾਜ਼ ਕੌਮੀ ਇਨਸਾਫ ਮੋਰਚਾ ਦੇ ਸੱਦੇ ’ਤੇ ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸੂਬੇ ਦੇ ਸੱਤ ਜ਼ਿਲ੍ਹਿਆਂ ਵਿੱਚ 18 ਟੌਲ ਪਲਾਜ਼ਿਆਂ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਪ੍ਰਦਰਸ਼ਨਕਾਰੀਆਂ ਨੇ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਸਾਰੇ ਟੌਲ ਪਲਾਜ਼ਿਆਂ ਨੂੰ ਮੁਫਤ ਕਰਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਗਈ। ਮੋਰਚੇ ਦੇ ਆਗੂ ਭਾਈ ਪਾਲ ਸਿੰਘ ਫਰਾਂਸ, ਐਡਵੋਕੇਟ ਗੁਰਸ਼ਰਨ ਸਿੰਘ, ਜਸਵਿੰਦਰ ਸਿੰਘ ਰਾਜਪੁਰਾ, ਰਵਿੰਦਰ ਸਿੰਘ ਵਜੀਦਪੁਰ, ਬਲਵਿੰਦਰ ਸਿੰਘ ਕਾਲਾ ਅਤੇ ਬਲਬੀਰ ਸਿੰਘ ਬੈਰੋਂਪੁਰ ਨੇ 13 ਟੌਲ ਪਲਾਜ਼ਿਆਂ ਨੂੰ ਮੁਫ਼ਤ ਕਰਨ ਦਾ ਐਲਾਨ ਕੀਤਾ ਸੀ ਪਰ ਲੋਕਾਂ ਵੱਲੋਂ ਪੰਜ ਟੌਲ ਪਲਾਜ਼ੇ ਆਪ ਮੁਹਾਰੇ ਬੰਦ ਕੀਤੇ ਗਏ।
ਕੌਮੀ ਇਨਸਾਫ ਮੋਰਚਾ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਣਬੁੱਝ ਕੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਥਾਂ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ। ਪੰਜਾਬ ਦੇ ਵੱਖ-ਵੱਖ ਟੌਲ ਪਲਾਜ਼ਿਆਂ ’ਤੇ ਕੌਮੀ ਇਨਸਾਫ਼ ਮੋਰਚਾ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਕਜੁੱਟ ਹੋ ਕੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਥਾਂ ਕਈ-ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਜਲਦ ਹੀ ਬੰਦੀ ਸਿੰਘਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਕੌਮੀ ਇਨਸਾਫ਼ ਮੋਰਚੇ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਅੱਜ ਅਜ਼ੀਜ਼ਪੁਰ ਟੌਲ ਪਲਾਜ਼ਾ (ਜ਼ੀਰਕਪੁਰ-ਬਨੂੜ ਸੜਕ), ਭਾਗੋਮਾਜਰਾ ਟੌਲ ਪਲਾਜ਼ਾ (ਖਰੜ-ਲੁਧਿਆਣਾ ਸੜਕ), ਸੋਲਖੀਆਂ ਟੌਲ ਪਲਾਜ਼ਾ (ਖਰੜ-ਰੂਪਨਗਰ ਸੜਕ) ਸਮੇਤ ਰਾਜਪੁਰਾ-ਪਟਿਆਲਾ ਸੜਕ ’ਤੇ ਧਰੇੜੀ ਜੱਟਾਂ ਟੌਲ ਪਲਾਜ਼ਾ, ਫਿਰੋਜ਼ਪੁਰ ਵਿੱਚ ਫਿਰੋਜ਼ਸ਼ਾਹ ਟੌਲ ਪਲਾਜ਼ਾ ਤੇ ਤਾਰਾਪੁਰਾ ਟੌਲ ਪਲਾਜ਼ਾ, ਜਲੰਧਰ ਵਿੱਚ ਬਾਮਨੀਵਾਲਾ ਟੌਲ ਪਲਾਜ਼ਾ (ਸ਼ਾਹਕੋਟ-ਮੋਗਾ ਸੜਕ), ਲੁਧਿਆਣਾ ਵਿੱਚ ਲਾਡੋਵਾਲ ਟੌਲ ਪਲਾਜ਼ਾ, ਘਲਾਲ ਟੌਲ ਪਲਾਜ਼ਾ (ਸਮਰਾਲਾ), ਬਠਿੰਡਾ ਵਿੱਚ ਜੀਦਾ ਟੌਲ ਪਲਾਜ਼ਾ (ਬਠਿੰਡਾ-ਕੋਟਕਪੁਰਾ ਸੜਕ), ਫਰੀਦਕੋਟ ਵਿੱਚ ਤਲਵੰਡੀ ਭਾਈ ਟੌਲ ਪਲਾਜ਼ਾ (ਤਲਵੰਡੀ ਭਾਈ-ਫਰੀਦਕੋਟ ਸੜਕ) ਅਤੇ ਨਵਾਂ ਸ਼ਹਿਰ ਵਿੱਚ ਕਾਠਗੜ੍ਹ-ਬਛੂਆ ਟੌਲ ਪਲਾਜ਼ਾ (ਬਲਾਚੌਰ) ਸਮੇਤ ਪੰਜ ਹੋਰ ਟੌਲ ਪਲਾਜ਼ਿਆਂ ’ਤੇ ਰੋਸ ਵਿਖਾਵੇ ਕੀਤੇ ਗਏ।

Advertisement

Advertisement
Author Image

sukhwinder singh

View all posts

Advertisement
Advertisement
×