ਰਾਹੁਲ ਗਾਂਧੀ ਦੀ ਪਟੀਸ਼ਨ ਰੱਦ ਹੋਣ ’ਤੇ ਕੇਂਦਰ ਖ਼ਿਲਾਫ਼ ਮੁਜ਼ਾਹਰੇ
ਸ਼ਗਨ ਕਟਾਰੀਆ
ਬਠਿੰਡਾ, 7 ਜੁਲਾਈ
ਕਾਂਗਰਸ ਦੀ ਮੁਕਾਮੀ ਲੀਡਰਸ਼ਿਪ ਨੇ ਗੁਜਰਾਤ ਹਾਈ ਕੋਰਟ ਵੱਲੋਂ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਕਥਿਤ ਮਾਣਹਾਨੀ ਕੇਸ ’ਚ ਦੋਸ਼ੀ ਠਹਿਰਾਏ ਜਾਣ ’ਤੇ ਰੋਕ ਦੀ ਮੰਗ ਵਾਲੀ ਪਟੀਸ਼ਨ ਰੱਦ ਕਰਨ ’ਤੇ ਖ਼ਿਲਾਫ਼ ਮੁਜ਼ਾਹਰਾ ਕੀਤਾ ਹੈ।
ਸਥਾਨਕ ਕਾਂਗਰਸੀ ਆਗੂਆਂ ਨੇ ਉਕਤ ਫ਼ੈਸਲੇ ਦੇ ਰੋਸ ਵਜੋਂ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਢਾਲ ਬਣ ਕੇ ਸਾਹਮਣੇ ਆਉਂਦਿਆਂ ਅੱਜ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਸਾੜੇ। ਕਾਂਗਰਸੀ ਆਗੂਆਂ ਨੇ ਕਥਿਤ ਦੋਸ਼ ਲਾਏ ਕਿ ਨਖਿੱਧ ਕਾਰਗੁਜ਼ਾਰੀ ਕਾਰਨ ਭਾਜਪਾ ਸਰਕਾਰ ਦੀ ਫੂਕ ਨਿਕਲ ਗਈ ਹੈ ਅਤੇ ਅਜਿਹੇ ’ਚ ਉਹ ਆਨੇ-ਬਹਾਨੇ ਰਾਹੁਲ ਗਾਂਧੀ ਦੀ ਲੋਕ ਪੱਖੀ ਆਵਾਜ਼ ਨੂੰ ਦਬਾਉਣ ਲਈ ਘਟੀਆ ਹਥਕੰਡੇ ਵਰਤ ਰਹੀ ਹੈ। ਇਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਰਾਜਨ ਗਰਗ ਤੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਖੁਸ਼ਬਾਜ਼ ਸਿੰਘ ਜਟਾਣਾ ਨੇ ਆਖਿਆ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਦਿਸ ਰਹੀ ਹਾਰ ਦੇ ਡਰੋਂ ਕੇਂਦਰ ਦੀ ਭਾਜਪਾ ਸਰਕਾਰ ਤਾਨਾਸ਼ਾਹੀ ਦੇ ਆਖਰੀ ਦਾਅ-ਪੇਚ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇਸ਼-ਵਿਦੇਸ਼ ’ਚ ਭਾਜਪਾ ਸਰਕਾਰ ਦੀ ਤਾਨਸ਼ਾਹੀ ਬਾਰੇ ਖੁੱਲ੍ਹ ਕੇ ਬੋਲਦੇ ਹਨ ਤੇ ਮੋਦੀ ਸਰਕਾਰ ਉਨ੍ਹਾਂ ਖ਼ਿਲਾਫ਼ ਸਾਜ਼ਿਸ਼ਾਂ ਰਚ ਰਹੀ ਹੈ।
ਪ੍ਰਧਾਨ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ
ਭੀਖੀ (ਪੱਤਰ ਪ੍ਰੇਰਕ): ਕਾਂਗਰਸੀ ਕਾਰਕੁਨਾਂ ਨੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਨਜ਼ਰਸਾਨੀ ਪਟੀਸ਼ਨ ਰੱਦ ਹੋਣ ਦੇ ਵਿਰੋਧ ਵਿੱਚ ਭਾਜਪਾ ਦੀ ਕੇਂਦਰ ਸਰਕਾਰ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪ੍ਰਧਾਨ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਅਰਸ਼ਦੀਪ ਸਿੰਘ ਨੇ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਿੱਜੀ ਕਿੜ ਕੱਢਣ ਲਈ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ ਜਿਸ ਨੂੰ ਕੋਈ ਵੀ ਕਾਂਗਰਸੀ ਵਰਕਰ ਸਹਿਣ ਨਹੀ ਕਰੇਗਾ।