ਮਾਨਸਾ ਤੇ ਹਮੀਦੀ ’ਚ ਅਮਿਤ ਸ਼ਾਹ ਖ਼ਿਲਾਫ਼ ਮੁਜ਼ਾਹਰੇ
ਨਿੱਜੀ ਪੱਤਰ ਪ੍ਰੇਰਕ
ਮਹਿਲ ਕਲਾਂ, 22 ਦਸੰਬਰ
ਪਿੰਡ ਹਮੀਦੀ ਵਿੱਚ ਸ੍ਰੀ ਗੁਰੂ ਰਵਿਦਾਸ ਵੈਲਫ਼ੇਅਰ ਸਪੋਰਟਸ ਕਲੱਬ ਨੇ ਡਾ. ਭੀਮ ਰਾਓ ਅੰਬੇਡਕਰ ਖ਼ਿਲਾਫ਼ ਵਿਵਾਦਤ ਟਿੱਪਣੀ ਕਰਨ ਦੇ ਰੋਸ ਵਜੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ। ਲੋਕਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਪਿੰਡ ’ਚ ਰੋਸ ਮਾਰਚ ਕੀਤਾ ਅਤੇ ਉਪਰੰਤ ਕੇਂਦਰੀ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਲੱਬ ਪ੍ਰਧਾਨ ਮੰਗਤ ਸਿੰਘ ਚੋਪੜਾ ਨੇ ਕਿਹਾ ਕਿ ਡਾ. ਅੰਬੇਦਕਰ ਨੂੰ ਕੇਂਦਰੀ ਸੱਤਾਧਿਰ ਲੰਬੇ ਸਮੇਂ ਤੋਂ ਨਿਸ਼ਾਨੇ ’ਤੇ ਲੈ ਰਹੀ ਹੈ।
ਮਾਨਸਾ (ਪੱਤਰ ਪ੍ਰੇਰਕ): ਇਥੇ ਅੱਜ ਇਥੇ ਆਜ਼ਾਦ ਸਮਾਜ ਪਾਰਟੀ ਕਾਂਸ਼ੀ ਰਾਮ, ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ, ਬਹੁਜਨ ਮੁਕਤੀ ਪਾਰਟੀ, ਭਾਰਤ ਮੁਕਤੀ ਮੋਰਚਾ ਵੱਲੋਂ ਅਰਥੀ ਫੂਕ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਅਮਿਤ ਸ਼ਾਹ ਨੇ ਆਪਣੇ ਇਸ ਗੁਨਾਹ ਲਈ ਦੇਸ਼ ਤੋਂ ਮੁਆਫ਼ੀ ਨਾ ਮੰਗੀ ਤਾਂ ਦੇਸ਼ ਦਾ ਬਹੁਜਨ ਸਮਾਜ, ਭਾਜਪਾ ਖ਼ਿਲਾਫ਼ ਦੇਸ਼ ਭਰ ਵਿਚ ਤਿੱਖਾ ਅੰਦੋਲਨ ਕਰਨ ਲਈ ਮਜਬੂਰ ਹੋਵਾਂਗਾ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਪਾਰਲੀਮੈਂਟ ਵਿੱਚ ਗ੍ਰਹਿ ਮੰਤਰੀ ਵੱਲੋਂ ਡਾ.ਅੰਬੇਡਕਰ ਦੇ ਕੀਤੇ ਅਪਮਾਨ ਨੇ ਭਾਜਪਾ ਦਾ ਦੇਸ਼ ਅਤੇ ਦਲਿਤ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।