ਭਾਜਪਾ ਦਫ਼ਤਰ ਅੱਗੇ ਪ੍ਰਦਰਸ਼ਨ ਕਰਦੇ ਕਾਂਗਰਸੀ ਹਿਰਾਸਤ ’ਚ ਲਏ
ਆਤਿਸ਼ ਗੁਪਤਾ
ਚੰਡੀਗੜ੍ਹ, 26 ਨਵੰਬਰ
ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਅੱਜ ਸੈਕਟਰ-33 ਵਿੱਚ ਸਥਿਤ ਚੰਡੀਗੜ੍ਹ ਭਾਜਪਾ ਦੇ ਦਫ਼ਤਰ ‘ਕਮਲਮ’ ਦੇ ਬਾਹਰ ਗੌਤਮ ਅਡਾਨੀ ਵਿਰੁੱਧ ਪ੍ਰਦਰਸ਼ਨ ਕੀਤਾ। ਕਾਂਗਰਸੀਆਂ ਨੇ ਭਾਜਪਾ ਤੇ ਸ੍ਰੀ ਅਡਾਨੀ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਅਡਾਨੀ ਦਾ ਪੁਤਲਾ ਸਾੜਿਆ ਗਿਆ। ਇਸ ਦੌਰਾਨ ਚੰਡੀਗੜ੍ਹ ਪੁਲੀਸ ਨੇ ਪ੍ਰਦਰਸ਼ਨ ਕਰ ਰਹੇ ਛੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਨ੍ਹਾਂ ਵਿੱਚ ਕੌਂਸਲਰ ਸਚਿਨ ਗਾਲਿਵ, ਸੰਦੀਪ ਗੁੱਜਰ, ਮਨੀਸ਼ ਰਾਏ, ਮਨਜ਼ੂਰ ਖਾਨ, ਲਲਿਤਾ ਰਾਣੀ ਤੇ ਅਮਨਜੋਤ ਕੌਰ ਦੇ ਨਾਮ ਸ਼ਾਮਲ ਹਨ।
ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਭਾਜਪਾ ਤੇ ਅਡਾਨੀ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੈਕਟਰ-35 ਵਿੱਚ ਸਥਿਤ ਕਾਂਗਰਸ ਭਵਨ ਵਿੱਚ ਇਕੱਠੇ ਹੋ ਕੇ ਸੈਕਟਰ-33 ਤੱਕ ਪੈਦਲ ਮਾਰਚ ਕੀਤਾ। ਇਸ ਤੋਂ ਬਾਅਦ ਭਾਜਪਾ ਦਫ਼ਤਰ ਦੇ ਅੱਗੇ ਪੁਤਲਾ ਸਾੜਿਆ। ਯੂਥ ਕਾਂਗਰਸ ਦੇ ਆਗੂਆਂ ਨੇ ਮੋਦੀ ਸਰਕਾਰ ਦੇ ਅਡਾਨੀ ਨਾਲ ਮਿਲੀਭੁਗਤ ਕਰਨ ਅਤੇ ਕੇਂਦਰ ਸਰਕਾਰ ’ਤੇ ਅਡਾਨੀ ਨੂੰ ਗ਼ਲਤ ਕੰਮਾਂ ਵਿੱਚ ਬਚਾਉਣ ਦੇ ਦੋਸ਼ ਲਗਾਏ, ਜਿਸ ਕਰ ਕੇ ਦੇਸ਼ ਦੇ ਆਮ ਲੋਕਾਂ ਨੂੰ ਆਰਥਿਕ ਤੌਰ ’ਤੇ ਨੁਕਸਾਨ ਝੱਲਣਾ ਪੈ ਰਿਹਾ ਹੈ।
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਲੋਕ ਹਿੱਤ ਵਿੱਚ ਪ੍ਰਦਰਸ਼ਨ ਕਰ ਰਹੇ ਯੂਥ ਕਾਂਗਰਸ ਦੇ ਆਗੂਆਂ ਨੂੰ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਦੀ ਨਿਖੇਧੀ ਕੀਤੀ।
ਪੁਲੀਸ ’ਤੇ ਚੁੱਕੇ ਸਵਾਲ
ਚੰਡੀਗੜ੍ਹ ਭਾਜਪਾ ਦੇ ਆਗੂ ਰਾਮਵੀਰ ਭੱਟੀ ਨੇ ਯੂਥ ਕਾਂਗਰਸ ਦੇ ਆਗੂਆਂ ਦਾ ਭਾਜਪਾ ਦੇ ਦਫ਼ਤਰ ਤੱਕ ਪਹੁੰਚ ਕੇ ਪ੍ਰਦਰਸ਼ਨ ਕਰਨ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲੀਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਭਾਜਪਾ ਦਫ਼ਤਰ ਤੋਂ ਕੁਝ ਦੂਰੀ ’ਤੇ ਰੋਕਣਾ ਚਾਹੀਦਾ ਸੀ, ਪਰ ਪੁਲੀਸ ਨੇ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ ਹੈ।