ਧਰਨਾਕਾਰੀ ਕਾਂਗਰਸੀਆਂ ਦੀ ਪੁਲੀਸ ਵੱਲੋਂ ਖਿੱਚ-ਧੂਹ
ਹਤਿੰਦਰ ਮਹਿਤਾ
ਜਲੰਧਰ, 25 ਦਸੰਬਰ
ਕਾਂਗਰਸ ਪਾਰਟੀ ਦੀ ਟਿਕਟ ਉੱਤੇ ਕੌਂਸਲਰ ਦੀ ਚੋਣ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਕੌਂਸਲਰਾਂ ਖਿਲਾਫ ਕਾਂਗਰਸੀਆਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ। ਕਾਂਗਰਸ ਆਗੂ ਤੇ ਵਰਕਰ ਉਕਤ ਕੌਂਸਲਰਾਂ ਨੂੰ ਪਾਰਟੀ ਦੇ ਗੱਦਾਰ ਕਹਿ ਕੇ ਉਨ੍ਹਾਂ ਦੇ ਘਰ ਬਾਹਰ ਧਰਨੇ ਲਾ ਰਹੇ ਹਨ। ਕੌਂਸਲਰ ਮਨਮੀਤ ਕੌਰ ਦੇ ਘਰ ਬਾਹਰ ਧਰਨਾ ਲਾਉਣ ਵਾਲੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ ਹੈ। ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਾਜਿੰਦਰ ਬੇਰੀ ਦੀ ਅਗਵਾਈ ਹੇਠ ਵਾਰਡ 47 ਅਵਤਾਰ ਨਗਰ ਵਾਸੀ ਕੌਂਸਲਰ ਮਨਮੀਤ ਕੌਰ ਦੇ ਘਰ ਬਾਹਰ ਧਰਨਾ ਲਾ ਦਿੱਤਾ। ਧਰਨਾ ਲੱਗਣ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਅਧਿਕਾਰੀ ਵੀ ਉੱਥੇ ਪਹੁੰਚ ਗਏ ਤੇ ਧਰਨਾਕਾਰੀਆਂ ਨੂੰ ਧਰਨਾ ਲਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਂਗਰਸੀ ਆਗੂਆਂ ਤੇ ਪੁਲੀਸ ਵਿਚਾਲੇ ਧੱਕਾਮੁੱਕੀ ਵੀ ਹੋਈ। ਇਸ ਦੇ ਬਾਵਜੂਦ ਕਾਂਗਰਸੀ ਕੌਂਸਲਰ ਮਨਮੀਤ ਕੌਰ ਦੇ ਘਰ ਬਾਹਰ ਧਰਨਾ ਲਾ ਕੇ ਬੈਠ ਗਏ। ਇਸ ਦੌਰਾਨ ਪੁਲੀਸ ਨੇ ਕਾਂਗਰਸੀ ਆਗੂਆਂ ਨੂੰ ਧਰਨੇ ਤੋਂ ਉਠਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪੁਲੀਸ ਨੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੂੰ ਹਿਰਾਸਤ ਵਿਚ ਲੈ ਲਿਆ ਤੇ ਉਨ੍ਹਾਂ ਨੂੰ ਥਾਣਾ ਭਾਰਗੋ ਕੈਂਪ ਲੈ ਗਈ ਜਿਸ ਕਾਰਨ ਕਾਂਗਰਸੀ ਵੀ ਕੌਂਸਲਰ ਮਨਮੀਤ ਕੌਰ ਦੇ ਘਰ ਤੋਂ ਮਾਰਚ ਕੱਢਦੇ ਹੋਏ ਥਾਣਾ ਭਾਰਗੋ ਕੈਂਪ ਤੱਕ ਚਲੇ ਗਏ। ਬਾਅਦ ਵਿਚ ਪੁਲੀਸ ਨੇ ਰਜਿੰਦਰ ਬੇਰੀ ਨੂੰ ਰਿਹਾਅ ਕਰ ਦਿੱਤਾ।