ਤਰਨ ਤਾਰਨ ਵਿੱਚ ਜੁਗਾੜੂ ਰੇਹੜੀਆਂ ਰੋਕਣ ਲਈ ਧਰਨਾ
ਗੁਰਬਖਸ਼ਪੁਰੀ
ਤਰਨ ਤਾਰਨ, 12 ਦਸੰਬਰ
ਯੁਨਾਈਟਿਡ ਟਰੇਡ ਯੂਨੀਅਨ ਪੰਜਾਬ ਵੱਲੋਂ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਜੁਗਾੜੂ ਰੇਹੜੀਆਂ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਅੱਜ ਇੱਥੇ ਵਿਖਾਵਾ ਕੀਤਾ ਗਿਆ। ਜਥੇਬੰਦੀ ਦੇ ਵਰਕਰਾਂ ਨੂੰ ਇੱਥੋਂ ਦੇ ਰਿਜਨਲ ਟਰਾਂਸਪੋਰਟ ਅਥਾਰਿਟੀ (ਆਰਟੀਏ) ਦੇ ਦਫਤਰ ਸਾਹਮਣੇ ਸੰਬੋਧਨ ਕਰਦਿਆਂ ਹਰਜਿੰਦਰ ਸਿੰਘ ਨੇ ਪ੍ਰਸ਼ਾਸਨ ਵਲੋਂ ਜੁਗਾੜੂ ਰੇਹੜੀਆਂ ਖ਼ਿਲਾਫ਼ ਕਾਰਵਾਈ ਨਾ ਕੀਤੇ ਜਾਣ ਦਾ ਦੋਸ਼ ਲਗਾਇਆ| ਉਨ੍ਹਾਂ ਕਿਹਾ ਕਿ ਇਨ੍ਹਾਂ ਜੁਗਾੜੂ ਰੇਹੜੀਆਂ ਦੇ ਖੁੱਲ੍ਹੇਆਮ ਚੱਲਣ ਕਰਕੇ ਮਿਨੀ ਟਰਾਂਸਪੋਰਟ ਨੂੰ ਸਖਤ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਨ੍ਹਾਂ ਕਿਹਾ ਕਿ ਮਿਨੀ ਟਰਾਂਸਪੋਰਟ ਵਾਲਿਆਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਟੈਕਸ ਆਦਿ ਦੇਣੇ ਪੈ ਰਹੇ ਹਨ ਜਦਕਿ ਇਨ੍ਹਾਂ ਜੁਗਾੜੂ ਰੇਹੜੀਆਂ ਵਾਲਿਆਂ ਵਲੋਂ ਨਾ ਕਿਸੇ ਕਿਸਮ ਦੇ ਨਿਯਮ ਦਾ ਪਾਲਣ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਕੋਈ ਟੈਕਸ ਆਦਿ ਦੀ ਅਦਾਇਗੀ ਕਰਨੀ ਪੈ ਰਹੀ ਹੈ| ਜਥੇਬੰਦੀ ਨੇ ਆਰਟੀਏ ਦੇ ਅਧਿਕਾਰੀ ਦੀ ਗੈਰ ਹਾਜ਼ਰੀ ਵਿੱਚ ਡਰਾਈਵਿੰਗ ਟੈਸਟਿੰਗ ਟਰੈਕ ਦੇ ਇੰਚਾਰਜ ਪੂਨਮ ਨੂੰ ਮੰਗ ਪੱਤਰ ਦਿੱਤਾ| ਜਥੇਬੰਦੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਵੀ ਰੋਸ ਵਿਖਾਵਾ ਕੀਤਾ ਅਤੇ ਗੈਰ-ਕਾਨੂੰਨੀ ਤੌਰ ’ਤੇ ਚਲਦੀਆਂ ਇਨ੍ਹਾਂ ਰੇਹੜੀਆਂ ਖਿਲਾਫ਼ ਕਾਰਵਾਈ ਕਰਨ ਲਈ ਮੁੱਖ ਮੰਤਰੀ ਦੇ ਨਾਂ ’ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਵਿਖਾਵਾਕਾਰੀਆਂ ਨੂੰ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਪੰਜਵੜ, ਗੁਰਪ੍ਰੀਤ ਸਿੰਘ ਮਾਨ, ਜਸਪਾਲ ਸਿੰਘ, ਜੁਗਰਾਜ ਸਿੰਘ ਮੀਆਂਪੁਰ, ਸੁਖਜੀਤ ਸਿੰਘ ਖੇਲਾ ਨੇ ਵੀ ਸੰਬੋਧਨ ਕੀਤਾ|