ਭਿਵਾਨੀ ਰੋਡ ਅੰਡਰਪਾਸ ਦਾ ਕੰਮ ਸ਼ੁਰੂ ਕਰਵਾਉਣ ਲਈ ਧਰਨਾ
ਮਹਾਂਵੀਰ ਮਿੱਤਲ
ਜੀਂਦ, 29 ਜੁਲਾਈ
ਇੱਥੇ ਭਿਵਾਨੀ ਰੋਡ ’ਤੇ ਬਣਾਏ ਜਾਣ ਵਾਲੇ ਅੰਡਰਪਾਸ ਦਾ ਰੁਕਿਆ ਕੰਮ ਸ਼ੁਰੂ ਕਰਵਾਉਣ ਲਈ ਅੱਜ ਲੋਕਾਂ ਨੇ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਮਹਾਂਵੀਰ ਕੰਪਿਊਟਰ ਦੀ ਅਗਵਾਈ ਹੇਠ ਧਰਨਾ ਸ਼ੁਰੂ ਕੀਤਾ। ਇਸ ਮੌਕੇ ਬਾਲਮਿਕੀ ਬਸਤੀ, ਖੇਮ ਨਗਰ ਅਤੇ ਆਤਮਾ ਨਗਰ ਦੇ ਵਸਨੀਕਾਂ ਤੋਂ ਇਲਾਵਾ ਸ਼ਹਿਰ ਦੇ ਵਪਾਰੀ, ਸਮਾਜਿਕ ਸੰਸਥਾਵਾਂ ਨੇ ਵੱਧ ਚੜ੍ਹ ਕੇ ਭਾਗ ਲਿਆ। ਧਰਨੇ ਨੂੰ ਸੰਬੋਧਨ ਕਰਦਿਆਂ ਮਹਾਂਵੀਰ ਕੰਪਿਊਟਰ ਨੇ ਕਿਹਾ ਕਿ ਰੇਲਵੇ ਵਿਭਾਗ ਨੇ ਲਗਭਗ ਦੋ ਸਾਲ ਪਹਿਲਾਂ ਇਸ ਅੰਡਰਪਾਸ ਦਾ ਕੰਮ ਸ਼ੁਰੂ ਕੀਤਾ ਸੀ ਤੇ ਕੁਝ ਦਿਨ ਮਗਰੋਂ ਇਹ ਕੰਮ ਬੰਦ ਹੋ ਗਿਆ ਸੀ। ਦੋ ਸਾਲਾਂ ਤੋਂ ਕੰਮ ਰੁਕਣ ਕਾਰਨ ਨੇੜਲੀਆਂ ਕਲੋਨੀਆਂ ਦਾ ਲੋਕ ਪ੍ਰੇਸ਼ਾਨ ਹਨ ਅਤੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹਗੀਰਾਂ ਨੂੰ ਕਲੋਨੀ ਦੀਆਂ ਤੰਗ ਗਲੀਆਂ ਵਿੱਚੋਂ ਲੰਘ ਕੇ ਜਾਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਅੰਡਰਪਾਸ ਲਈ ਸੜਕ ਦੀ ਖੁਦਾਈ ਕਰਨ ਮਗਰੋਂ ਸੀਵਰੇਜ ਬੰਦ ਪਿਆ ਹੈ, ਜਿਸ ਨਾਲ ਦੂਸ਼ਿਤ ਪਾਣੀ ਲੋਕਾਂ ਦੇ ਘਰਾਂ ’ਚ ਦਾਖ਼ਲ ਹੋ ਰਿਹਾ ਹੈ। ਲੋਕਾਂ ਨੇ ਕਈ ਵਾਰ ਰੇਲਵੇ ਪ੍ਰਸ਼ਾਸਨ ਤੋਂ ਅੰਡਰਪਾਸ ਦੇ ਪੁਲ ਦਾ ਨਿਰਮਾਣ ਕਰਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸੀਵਰੇਜ ਅਤੇ ਬਰਸਾਤੀ ਨਾਲਿਆਂ ਦੀ ਸਫ਼ਾਈ ਕਰਵਾਉਣ ਦੀ ਮੰਗ ਕੀਤੀ ਹੈ ਪਰ ਕਿਤੇ ਕੋਈ ਸੁਣਵਾਈ ਨਹੀਂ ਹੋਈ। ਅੰਡਰਪਾਸ ਦਾ ਕੰਮ ਰੁਕਣ ਕਾਰਨ ਦੁਕਾਨਦਾਰਾਂ ਦਾ ਕੰਮ ਠੱਪ ਪਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਅੰਡਪਾਸ ਦਾ ਕੰਮ ਸ਼ੁਰੂ ਨਹੀਂ ਕੀਤਾ ਜਾਂਦਾ, ਧਰਨਾ ਜਾਰੀ ਰਹੇਗਾ। ਇਸ ਮੌਕੇ ਸੱਤ ਨਰਾਇਣ ਸ਼ਰਮਾ, ਵਜੀਰ ਸਿੰਘ, ਰਾਮ ਪਾਲ ਹਲਵਾਈ, ਰਾਧੇ ਸਿਆਮ ਗੁਪਤਾ, ਡਾ. ਸੂਰਜਦੇਵ ਕੌਸ਼ਿਕ, ਸਾਬਕਾ ਐਮ ਸੀ ਦਲੀਪ ਸਿੰਘ, ਨਰੇਸ਼ ਜੈਨ, ਰਾਜਿੰਦਰ ਸੌਨੀ, ਪੁਰਨ ਚੰਦ ਗਰਗ ਅਤੇ ਗੀਤਾ ਰਾਮ ਸਾਸ਼ਤਰੀ ਹਾਜ਼ਰ ਸਨ।