ਬੇਅਦਬੀ ਮਾਮਲੇ ’ਚ ਕਾਰਵਾਈ ਦੀ ਮੰਗ ਲਈ ਧਰਨਾ
ਪੱਤਰ ਪ੍ਰੇਰਕ
ਪਠਾਨਕੋਟ, 5 ਨਵੰਬਰ
ਇੱਥੇ ਭਗਵਾਨ ਵਾਲਮੀਕ ਦੀ ਕਥਿਤ ਤੌਰ ’ਤੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵਾਲਮੀਕ ਚੌਕ ਵਿੱਚ ਵਾਲਮੀਕ ਦੀ ਮੂਰਤੀ ਵਾਲੇ ਥੜ੍ਹੇ ’ਤੇ ਕਿਸੇ ਐਡਵਰਟਾਈਜ਼ਮੈਂਟ ਏਜੰਸੀ ਵੱਲੋਂ ਜੁੱਤੀਆਂ ਦੀ ਫਲੈਕਸ ਲਗਾ ਦਿੱਤੀ ਗਈ। ਇਸ ਘਟਨਾ ਦੇ ਬਾਅਦ ਵਾਲਮੀਕ ਸਮਾਜ ਨੇ ਰੋਸ ਪ੍ਰਗਟ ਕੀਤਾ ਅਤੇ ਚੌਕ ਵਿੱਚ ਧਰਨਾ ਦੇ ਕੇ ਚੱਕਾ ਜਾਮ ਕੀਤਾ।
ਵਾਲਮੀਕ ਸਮਾਜ ਦੇ ਆਗੂ ਰਮੇਸ਼ ਕੱਟੋ ਨੇ ਦੱਸਿਆ ਕਿ ਅੱਜ ਸਵੇਰੇ ਜਦ ਉਹ ਬਾਜ਼ਾਰ ਆਇਆ ਤਾਂ ਦੇਖਿਆ ਕਿ ਭਗਵਾਨ ਵਾਲਮੀਕ ਦੀ ਮੂਰਤੀ ਵਾਲੇ ਥੜ੍ਹੇ ’ਤੇ ਕਿਸੇ ਨੇ ਜੁੱਤੀਆਂ ਦਾ ਪੋਸਟਰ ਲਗਾ ਦਿੱਤਾ ਸੀ। ਇਸ ਦੇ ਰੋਸ ਵਜੋਂ ਧਰਨਾ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਜਿਸ ਨੇ ਵੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਉਕਤ ਸਮਾਜ ਦੇ ਲੋਕਾਂ ਨੇ ਥਾਣਾ ਡਿਵੀਜ਼ਨ ਨੰਬਰ-1 ਦੇ ਮੁਖੀ ਨੂੰ ਕਾਰਵਾਈ ਕਰਨ ਲਈ ਮੰਗ ਪੱਤਰ ਵੀ ਸੌਂਪਿਆ।
ਦੂਸਰੇ ਪਾਸੇ ਥਾਣਾ ਡਵੀਜ਼ਨ ਨੰਬਰ-1 ਦੀ ਮੁਖੀ ਦਵਿੰਦਰ ਕਾਸ਼ਨੀ ਨੇ ਕਿਹਾ ਕਿ ਉਕਤ ਮਾਮਲੇ ਵਿੱਚ ਪਤਾ ਲੱਗਾ ਕਿ ਕਿਸੇ ਜੁੱਤੀਆਂ ਵਾਲੀ ਕੰਪਨੀ ਵੱਲੋਂ ਆਪਣੀ ਐਡਵਰਟਾਈਜ਼ਮੈਂਟ ਕਰਨ ਲਈ ਪ੍ਰਿੰਟਿੰਗ ਪ੍ਰੈਸ ਵਾਲਿਆਂ ਨੂੰ ਫਲੈਕਸ ਬਣਵਾਉਣ ਲਈ ਦਿੱਤੀ ਸੀ ਅਤੇ ਇਹ ਫਲੈਕਸ ਓਮ ਪ੍ਰਿੰਟਿੰਗ ਪ੍ਰੈਸ ਵਾਲਿਆਂ ਨੇ ਹੀ ਛਾਪੀ ਹੈ ਅਤੇ ਉਨ੍ਹਾਂ ਹੀ ਆਪਣੇ ਕਿਸੇ ਵਿਅਕਤੀ ਤੋਂ ਪੋਸਟਰ ਜਗ੍ਹਾ-ਜਗ੍ਹਾ ਲਗਵਾ ਵੀ ਦਿੱਤੇ ਜਿਸ ਦੇ ਚਲਦੇ ਇੱਕ ਪੋਸਟਰ ਭਗਵਾਨ ਵਾਲਮੀਕ ਦੀ ਮੂਰਤੀ ਵਾਲੇ ਥੜ੍ਹੇ ਤੇ ਲਗਾ ਦਿੱਤਾ। ਇਸ ਕਰਕੇ ਪੁਲੀਸ ਓਮ ਪ੍ਰਿੰਟਿੰਗ ਪ੍ਰੈਸ ’ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵੇਗੀ।