ਪੀਐੱਸਯੂ ਵੱਲੋਂ ਕੇਸ ਦਰਜ ਕਰਵਾਉਣ ਲਈ ਰੋਸ ਰੈਲੀ
ਪੱਤਰ ਪ੍ਰੇਰਕ
ਬਠਿੰਡਾ, 25 ਅਕਤੂਬਰ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਰਾਜਿੰਦਰਾ ਕਾਲਜ ਵਿੱਚ 1158 ਅਸਿਸਟੈਂਟ ਪ੍ਰੋਫੈਸਰ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਸਿੱਖਿਆ ਮੰਤਰੀ ’ਤੇ ਕੇਸ ਦਰਜ ਕਰਾਉਣ ਲਈ ਰੋਸ ਰੈਲੀ ਕੀਤੀ ਗਈ। ਰੈਲੀ ਦੌਰਾਨ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਰਜਿੰਦਰ ਸਿੰਘ ਅਤੇ ਅਰਸ਼ਦੀਪ ਕੌਰ ਕੋਟਭਾਈ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿੱਚ 1158 ਭਰਤੀ ਵਾਲੇ ਅਸਿਸਟੈਂਟ ਪ੍ਰੋਫ਼ੈਸਰਾਂ ਵੱਲੋਂ ਅੱਧ-ਵਿਚਾਲੇ ਲਟਕ ਰਹੀ ਭਰਤੀ ਨੂੰ ਨੇਪਰੇ ਚਾੜ੍ਹਨ ਲਈ ਲਾਏ ਪੱਕੇ ਧਰਨੇ ਦੌਰਾਨ ਇੱਕ ਮਹਿਲਾ ਅਸਿਸਟੈਂਟ ਪ੍ਰੋਫੈਸਰ ਵੱਲੋਂ ਮਾਨਸਿਕ ਪ੍ਰੇਸ਼ਾਨੀ ਕਰਕੇ ਖ਼ੁਦਕੁਸ਼ੀ ਕਰ ਲਈ ਗਈ। ਉਸ ਵੱਲੋਂ ਲਿਖੇ ਖ਼ੁਦਕੁਸ਼ੀ ਨੋਟ ਵਿੱਚ ਸਾਫ ਲਿਖਿਆ ਗਿਆ ਹੈ ਕਿ ਉਸ ਦੀ ਮੌਤ ਦਾ ਕਾਰਨ ਆਮ ਆਦਮੀ ਪਾਰਟੀ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਹਨ ਕਿਉਂਕਿ ਇਸ ਪਾਰਟੀ ਨੇ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਸਬੰਧੀ ਕੋਈ ਸਟੈਂਡ ਨਹੀਂ ਲਿਆ।
ਕਾਲਜ ਕਮੇਟੀ ਪ੍ਰਧਾਨ ਅਰਮਾਨ ਦੀਪ ਅਤੇ ਅੰਮ੍ਰਿਤ ਗਿੱਦੜਬਾਹਾ ਨੇ ਮੰਗ ਕੀਤੀ ਕਿ ਪ੍ਰੋ. ਬਲਵਿੰਦਰ ਕੌਰ ਦੇ ਸਹੁਰਾ ਪਰਿਵਾਰ ’ਤੇ ਦਰਜ ਕੇਸ ਰੱਦ ਕੀਤਾ ਜਾਵੇ ਅਤੇ ਸਿੱਖਿਆ ਮੰਤਰੀ ’ਤੇ ਕੇਸ ਦਰਜ ਕੀਤਾ ਜਾਵੇ।
ਮਾਨਸਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ 1158 ਸਹਾਇਕ ਪ੍ਰੋਫੈਸਰ ਯੂਨੀਅਨ ਦੇ ਝੰਡੇ ਥੱਲੇ ਦਿਨ-ਰਾਤ ਦੇ ਲਗਾਤਾਰ ਧਰਨੇ ਵਿੱਚ ਸ਼ਾਮਲ ਪ੍ਰੋ. ਬਲਵਿੰਦਰ ਕੌਰ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਸਿੱਖਿਆ ਮੰਤਰੀ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਬਲਵਿੰਦਰ ਕੌਰ ਦੇ ਸਦਮਾਗ੍ਰਸਤ ਪਰਿਵਾਰ ਸਮੇਤ ਜੁਝਾਰੂ ਬੇਰੁਜ਼ਗਾਰ ਜਥੇਬੰਦੀ ਨਾਲ ਅਫ਼ਸੋਸ ਜ਼ਾਹਰ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਸੂਬਾ ਸਰਕਾਰ ਵੱਲੋਂ ਕੇਸ ਦਰਜ ਕਰਨ ਤੋਂ ਟਾਲਾ ਵੱਟ ਕੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਜਾ ਰਿਹਾ ਹੈ। ਆਗੂਆਂ ਨੇ ਸਿੱਖਿਆ ਮੰਤਰੀ ਵਿਰੁੱਧ ਕੇਸ ਦਰਜ ਕੀਤੇ ਜਾਣ ਤੱਕ ਪਰਿਵਾਰ ਵੱਲੋਂ ਬਲਵਿੰਦਰ ਕੌਰ ਦੀ ਲਾਸ਼ ਦਾ ਪੋਸਟਮਾਰਟਮ ਨਾ ਕਰਵਾਉਣ ਨੂੰ ਦਰੁੱਸਤ ਫ਼ੈਸਲਾ ਦੱਸਿਆ।