ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਰੋਸ ਰੈਲੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 24 ਜੁਲਾਈ
ਔਰਤਾਂ ਦੀ ਕਰਜ਼ਾ ਮੁਆਫ਼ੀ ਅਤੇ ਰਾਖਵੇਂ ਕੋਟੇ ਦੀਆਂ ਪੰਚਾਇਤੀ ਜ਼ਮੀਨਾਂ ਦੇ ਮਾਮਲਿਆਂ ਨੂੰ ਲੈ ਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜ਼ਿਲ੍ਹਾ ਭਰ ਦੀਆਂ ਔਰਤਾਂ ਵੱਲੋਂ ਅਨਾਜ ਮੰਡੀ ਵਿੱਚ ਵਿਸ਼ਾਲ ਰੋਸ ਰੈਲੀ ਕੀਤੀ ਗਈ। ਰੈਲੀ ਮਗਰੋਂ ਜਿਉਂ ਹੀ ਵਿਸ਼ਾਲ ਇਕੱਠ ਵਲੋਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨ ਲਈ ਅਨਾਜ ਮੰਡੀ ’ਚੋਂ ਰੋਸ ਮਾਰਚ ਸ਼ੁਰੂ ਕੀਤਾ ਗਿਆ ਤਾਂ ਪੁਲੀਸ ਵੱਲੋਂ ਸਖਤ ਨਾਕੇਬੰਦੀ ਕਰਕੇ ਰੋਸ ਮਾਰਚ ਨੂੰ ਅੱਗੇ ਨਾ ਵਧਣ ਦਿੱਤਾ।
ਭਾਵੇਂ ਕਰੋਨਾ ਮਹਾਂਮਾਰੀ ਕਾਰਨ ਇਕੱਠ ਕਰਨ ’ਤੇ ਮੁਕੰਮਲ ਪਾਬੰਦੀ ਹੈ ਪਰੰਤੂ ਇਸਦੇ ਬਾਵਜੂਦ ਜ਼ਿਲ੍ਹਾ ਭਰ ’ਚੋ ਹਜ਼ਾਰਾਂ ਕਿਰਤੀ ਲੋਕ ਅਤੇ ਔਰਤਾਂ ਅਨਾਜ ਮੰਡੀ ਵਿੱਚ ਵੱਡੀ ਤਾਦਾਦ ’ਚ ਪੁੱਜੇ ਅਤੇ ਰੋਸ ਰੈਲੀ ਕੀਤੀ ਗਈ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ਕ ਕਮੇਟੀ ਦੇ ਜ਼ੋਨਲ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਤੇ ਬਿੱਕਰ ਸਿੰਘ ਹਥੋਆ ਨੇ ਕਿਹਾ ਕਿ ਨਿੱਜੀ ਫਾਈਨਾਂਸ ਕੰਪਨੀਆਂ ਵੱਲੋਂ ਕਰਜ਼ਾ ਵਸੂਲੀ ਲਈ ਪੇਂਡੂ ਔਰਤਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਜਬਰੀ ਕਿਸ਼ਤਾਂ ਵਸੂਲੀਆਂ ਜਾ ਰਹੀਆਂ ਹਨ ਜਦੋਂਕਿ ਆਰਬੀਆਈ ਵੱਲੋਂ ਜਾਰੀ ਹੁਕਮਾਂ ਅਨੁਸਾਰ 31 ਅਗਸਤ ਤੱਕ ਕਿਸ਼ਤ ਵਸੂਲੀ ’ਤੇ ਰੋਕ ਲਗਾਈ ਗਈ ਹੈ। ਇਸਤੋਂ ਇਲਾਵਾ ਰਾਖਵੇਂ ਕੋਟੇ ਦੀਆਂ ਪੰਚਾਇਤੀ ਜ਼ਮੀਨਾਂ ਦਾ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪਿੰਡ ਘਰਾਚੋਂ ਵਿੱਚ ਪੰਚਾਇਤੀ ਜ਼ਮੀਨ ਦਾ ਮਸਲਾ ਦੋ ਮਹੀਨਿਆਂ ਤੋਂ ਲਟਕ ਰਿਹਾ ਹੈ ਜਿਸਦਾ ਅਜੇ ਤੱਕ ਹੱਲ ਨਹੀਂ ਕੀਤਾ ਗਿਆ। ਜ਼ੋਨਲ ਪ੍ਰਧਾਨ ਮੁਕੇਸ ਮਲੌਦ ਤੇ ਜਸਵੰਤ ਸਿੰਘ ਖੇੜੀ ਨੇ ਦੱਸਿਆ ਕਿ ਰੋਸ ਮਾਰਚ ਰੋਕੇ ਜਾਣ ’ਤੇ ਪ੍ਰਸ਼ਾਸਨ ਵੱਲੋਂ ਕੈਬਨਿਟ ਮੰਤਰੀ ਦੇ ਪੀਏ ਨਾਲ ਮੀਟਿੰਗ ਕਰਵਾਈ ਜਨਿ੍ਹਾਂ ਨੇ ਐਤਵਾਰ ਤੱਕ ਸੰਘਰਸ਼ ਕਮੇਟੀ ਨਾਲ ਮੰਤਰੀ ਦੀ ਮੀਟਿੰਗ ਕਰਾਉਣ ਦਾ ਭਰੋਸਾ ਦਿਵਾਇਆ। ਪਿੰਡ ਘਰਾਚੋਂ ਦੇ ਮਸਲੇ ਦਾ ਹੱਲ ਦੋ ਦਨਿਾਂ ਅੰਦਰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਜਬਰੀ ਕਿਸ਼ਤਾਂ ਵਸੂਲੀ ਨੂੰ ਰੋਕਣ ਲਈ ਐਸਪੀ ਅਪਰੇਸ਼ਨ ਹਰਪ੍ਰੀਤ ਸਿੰਘ ਨੋਡਲ ਅਫ਼ਸਰ ਲਗਾ ਦਿੱਤੇ ਹਨ। ਜੇ ਕੋਈ ਜਬਰੀ ਕਿਸ਼ਤ ਵਸੂਲੇਗਾ ਤਾਂ ਉਸ ਖ਼ਿਲਾਫ਼ ਕਾਰਵਾਈ ਹੋਵੇਗੀ। ਐਲਾਨ ਕੀਤਾ ਗਿਆ ਕਿ ਜੇ ਮੰਗਾਂ ਦਾ ਕੋਈ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਨਿਾਂ ’ਚ ਪਟਿਆਲਾ ’ਚ ਮੁੱਖ ਮੰਤਰੀ ਦੇ ਮੋਤੀ ਮਹਿਲ ਰੋਸ ਮਾਰਚ ਕੀਤਾ ਜਾਵੇਗਾ।
ਇਸ ਮੌਕੇ ਜਗਤਾਰ ਸਿੰਘ ਤੋਲੇਵਾਲ, ਜਸਵੀਰ ਸਿੰਘ, ਗੁਰਦੀਪ ਸਿੰਘ ਧੰਦੀਵਾਲ, ਬਲਵੀਰ ਸਿੰਘ, ਮੰਗਤ ਸਿੰਘ ਕੌਹਰੀਆਂ, ਗੁਰਚਰਨ ਸਿੰਘ ਘਰਾਚੋਂ, ਚਰਨ ਸਿੰਘ ਬਾਲਦ ਕਲਾਂ ਆਦਿ ਨੇ ਵੀ ਸੰਬੋਧਨ ਕੀਤਾ।