ਪੈਨਸ਼ਨਰਾਂ ਵੱਲੋਂ ਖੇਤਰੀ ਪ੍ਰਾਵੀਡੈਂਟ ਫੰਡ ਦਫ਼ਤਰ ਅੱਗੇ ਰੋਸ ਰੈਲੀ
ਕੁਲਦੀਪ ਸਿੰਘ
ਚੰਡੀਗੜ੍ਹ, 20 ਮਾਰਚ
ਈਪੀਐੱਫ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਸੱਦੇ ਉਤੇ ਪੈਨਸ਼ਨਰਾਂ ਵੱਲੋਂ ਅੱਜ ਸੈਕਟਰ-17 ਸਥਿਤ ਖੇਤਰੀ ਪ੍ਰਾਵੀਡੈਂਟ ਫੰਡ ਦਫ਼ਤਰ ਨੇੜੇ ਸੂਬਾਈ ਰੈਲੀ ਕੀਤੀ ਨਾਅਰੇਬਾਜ਼ੀ ਵੀ ਕੀਤੀ ਗਈ। ਪੀਐੱਸਆਈਈਸੀ, ਪਨਸਪ, ਮਿਲਕਫੈੱਡ, ਪੀਟੀਐੱਲ ਟੂਰਿਜ਼ਮ ਕਾਰਪੋਰੇਸ਼ਨ ਆਦਿ ਸਮੇਤ ਕਈ ਅਦਾਰਿਆਂ ਦੇ ਵੱਡੀ ਗਿਣਤੀ ਪੈਨਸ਼ਨਰਾਂ ਨੇ ਰੈਲੀ ਵਿੱਚ ਸ਼ਮੂਲੀਅਤ ਕੀਤੀ। ਰੈਲੀ ਦੀਆਂ ਮੁੱਖ ਮੰਗਾਂ ਵਿੱਚ ਪਹਿਲੀ ਸਤੰਬਰ 2014 ਤੋਂ ਪਹਿਲਾਂ ਤੇ ਬਾਅਦ ਵਿੱਚ ਸੇਵਾਮੁਕਤ ਹੋਏ ਕਰਮਚਾਰੀਆਂ ਨੂੰ ਉਚੇਰੀ ਤਨਖਾਹ ਅਤੇ ਪੈਨਸ਼ਨ ਰਿਲੀਜ਼ ਕਰਨਾ, ਪੈਨਸ਼ਨ ਦੇ ਰੋਕੇ ਹੋਏ ਬਕਾਏ ਰਿਲੀਜ਼ ਕਰਨਾ, ਪੈਨਸ਼ਨ ਲਾਉਣ ਦਾ ਅਮਲ ਸਮਾਂਬੱਧ ਕਰਨਾ ਆਦਿ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵੱਲੋਂ ਆਰਸੀ ਗੁਪਤਾ ਤੇ ਸੁਨੀਲ ਕੁਮਾਰ ਕੇਸ ਵਿੱਚ ਦਿੱਤੇ ਫੈਸਲੇ ਦੇ ਅਧਾਰ ’ਤੇ ਈਪੀਐੱਫ ਦੇ ਕੇਂਦਰੀ ਦਫ਼ਤਰ ਵੱਲੋਂ ਨੋਟੀਫਿਕੇਸ਼ਨ ਜਾਰੀ ਹੋ ਚੁੱਕੇ ਹਨ ਪਰ ਖੇਤਰੀ ਦਫ਼ਤਰਾਂ ਦੇ ਅਧਿਕਾਰੀ ਰਿਕਾਰਡ ਪੂਰਾ ਨਾ ਹੋਣ ਦੇ ਬਹਾਨੇ ਅਧੀਨ ਇਹ ਫੈਸਲੇ ਲਾਗੂ ਕਰਨ ਤੋਂ ਕੰਨੀਂ ਕਤਰਾ ਰਹੇ ਹਨ। ਇਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਗੁੱਸਾ ਹੈ ਤੇ ਉਹ ਸੰਘਰਸ਼ ਦੇ ਰਾਹ ’ਤੇ ਹਨ।
ਰੈਲੀ ਨੂੰ ਸੰਬੋਧਨ ਕਰਦਿਆਂ ਭਰਾਤਰੀ ਜਥੇਬੰਦੀਆਂ ਵਲੋਂ ਸੀਟੂ ਦੇ ਸੂਬਾ ਸਕੱਤਰ ਸਾਥੀ ਅਮਰਨਾਥ, ਬੋਰਡ ਅਤੇ ਕਾਰਪੋਰੇਸ਼ਨ ਮਹਾਂਸੰਘ ਦੇ ਪ੍ਰਧਾਨ ਤਾਰਾ ਸਿੰਘ, ਜਰਨਲ ਸਕੱਤਰ ਰਾਜ ਕੁਮਾਰ, ਮੁਲਾਜ਼ਮ ਤੇ ਪੈਨਸ਼ਨਰ ਆਗੂਆਂ ਵਿੱਚ ਤਾਰਾ ਦੱਤ, ਹਰਬੰਸ ਸਿੰਘ, ਹਰਚੰਦ ਸਿੰਘ ਖੰਟ, ਸ਼ੇਰ ਸਿੰਘ ਵੇਰਕਾ, ਗੁਰਦੇਵ ਸਿੰਘ, ਕੁਲਵਿੰਦਰ ਸਿੰਘ, ਮਨਸਾ ਰਾਮ, ਜਸਮੇਰ ਸਿੰਘ ਆਦਿ ਨੇ ਕੇਂਦਰ ਸਰਕਾਰ ਤੇ ਰੀਜ਼ਨਲ ਪ੍ਰਾਵੀਡੈਂਟ ਫੰਡ ਦਫ਼ਤਰ ਦੇ ਅਧਿਕਾਰੀਆਂ ਦੀ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ ਕਾਰਨ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲਿਆਂ ਤੋਂ ਬਾਅਦ ਭਾਵੇਂ ਲਿਖਤੀ ਹੁਕਮ ਵੀ ਜਾਰੀ ਹੋ ਚੁੱਕੇ ਹਨ ਪਰ ਅਜੇ ਤੱਕ ਇਨ੍ਹਾਂ ਫੈਸਲਿਆਂ ਅਨੁਸਾਰ ਪੈਨਸ਼ਨ ਲਾਉਣ ਦਾ ਅਮਲ ਸ਼ੁਰੂ ਨਹੀਂ ਕੀਤਾ ਗਿਆ। ਇਸ ਕਾਰਨ ਇਹ ਸਾਰੇ ਰਿਟਾਇਰੀ ਮੁਲਾਜ਼ਮ ਦਰ-ਦਰ ਦੇ ਧੱਕੇ ਖਾ ਰਹੇ ਹਨ ਅਤੇ ਆਪਣੀ ਜ਼ਿੰਦਗੀ ਦੇ ਆਖਰੀ ਦੌਰ ਵਿੱਚ ਭੁੱਖਮਰੀ ਦਾ ਸ਼ਿਕਾਰ ਹੋਣ ਕਿਨਾਰੇ ਹਨ। ਉਹਨਾਂ ਨੂੰ ਇੰਨੀ ਪੈਨਸ਼ਨ ਵੀ ਨਹੀਂ ਮਿਲਦੀ ਕਿ ਉਹ ਸਨਮਾਨਜਨਕ ਢੰਗ ਨਾਲ ਆਪਣੀ ਜੀਵਨ ਬਸਰ ਕਰ ਸਕਣ। ਮਹਿਜ਼ ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇ ਕੇ ਮਜ਼ਾਕ ਕੀਤਾ ਜਾ ਰਿਹਾ ਹੈ। ਹੁਣ ਜਦੋਂ ਅਧਿਕਾਰੀ ਸੁਪਰੀਮ ਕੋਰਟ ਵਲੋਂ ਉਚੇਰੀ ਤਨਖਾਹ ਤੇ ਪੈਨਸ਼ਨ ਦੇਣ ਦੇ ਹੁਕਮਾਂ ਨੂੰ ਲਾਗੂ ਕਰਨ ਤੋਂ ਟਾਲ-ਮਟੋਲ ਕਰ ਰਹੇ ਹਨ। ਤਾਂ ਫਿਰ ਇਨ੍ਹਾਂ ਪੈਨਸ਼ਨਰਾਂ ਨੂੰ ਇਸ ਉਮਰ ਵਿੱਚ ਅਦਾਲਤਾਂ ਦੇ ਚੱਕਰ ਕੱਟਣੇ ਪੈ ਰਹੇ ਹਨ ਅਤੇ ਆਪਣੇ ਹੱਕ ਲੈਣ ਲਈ ਸੜਕਾਂ ’ਤੇ ਰੁਲਣਾ ਪੈ ਰਿਹਾ ਹੈ। ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਜਰਨਲ ਸਕੱਤਰ ਗੁਰਦਿਆਲ ਸਿੰਘ ਤੇ ਪ੍ਰਧਾਨ ਗੁਰਦੀਪ ਸਿੰਘ ਨੇ ਐਲਾਨ ਕੀਤਾ ਕਿ ਉਹ ਐਸੋਸੀਏਸ਼ਨ ਚੁੱਪ ਕਰਕੇ ਨਹੀਂ ਬੈਠੇਗੀ ਅਤੇ ਆਪਣੀ ਪੈਨਸ਼ਨ ਲੈਣ ਲਈ ਕਿਸੇ ਵੀ ਕੁਰਬਾਨੀ ਕਰਨ ਤੋਂ ਪਿੱਛੇ ਨਹੀਂ ਹਟੇਗੀ। ਰੋਸ ਰੈਲੀ ਦੀ ਸਮਾਪਤੀ ਰੀਜ਼ਨਲ ਪ੍ਰਾਵੀਡੈਂਟ ਫੰਡ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਉਪਰੰਤ ਕੀਤੀ ਗਈ।