ਚੌਥਾ ਦਰਜਾ ਕਾਮਿਆਂ ਵੱਲੋਂ ਰਾਜਿੰਦਰਾ ਹਸਪਤਾਲ ਅੱਗੇ ਰੋਸ ਰੈਲੀ
ਪੱਤਰ ਪ੍ਰੇਰਕ
ਪਟਿਆਲਾ, 19 ਜੂਨ
ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਦੀ ਅਗਵਾਈ ’ਚ ਮੁਲਾਜ਼ਮਾਂ ਨੇ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਮੈਡੀਕਲ ਸੁਪਰਡੈਂਟ ਦਫ਼ਤਰ ਅੱਗੇ ਰੋਸ ਰੈਲੀ ਕੀਤੀ। ਜ਼ਿਕਰਯੋਗ ਹੈ ਕਿ ਸਬ-ਬਰਾਂਚ ਰਾਜਿੰਦਰਾ ਹਸਪਤਾਲ ਦੇ ਅਧਿਕਾਰੀਆਂ ਵੱਲੋਂ ਭਰੋਸਾ ਦੇਣ ਉਪਰੰਤ ਚੱਲ ਰਹੀਆਂ ਰੈਲੀਆਂ ਨੂੰ ਮੁਲਤਵੀ ਕੀਤਾ ਗਿਆ ਸੀ ਪਰ ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹਾਂ ਜਾਰੀ ਨਾ ਕਰਨ ’ਤੇ ਮੁੜ ਰੈਲੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ ਅਤੇ 21 ਜੂਨ ਨੂੰ ਡਾਇਰੈਕਟਰ ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਦਫ਼ਤਰ ਅੱਗੇ ਮੰਗਾਂ ਸਬੰਧੀ ਰੈਲੀ ਕਰਨ ਦਾ ਐਲਾਨ ਵੀ ਕੀਤਾ ਗਿਆ।
ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦਫ਼ਤਰ ਅੱਗੇ ਰੈਲੀ ਦੌਰਾਨ ਮੰਗ ਕੀਤੀ ਗਈ ਕਿ ਅਪਰੈਲ, ਮਈ ਦੀਆਂ ਤਨਖ਼ਾਹਾਂ ਕੱਚੇ ਕਰਮੀਆਂ ਨੂੰ ਜਾਰੀ ਕੀਤੀਆਂ ਜਾਣ ਅਤੇ ਕਰਮਚਾਰੀਆਂ ਦੀ ਘਾਟ ਨਵੀਂ ਰੈਗੂਲਰ ਭਰਤੀ ਕਰਕੇ ਪੂਰੀ ਕੀਤੀ ਜਾਵੇ, ਸਾਰੇ ਕੰਟਰੈਕਟ, ਆਊਟਸੋਰਸ, ਡੀਸੀ ਰੇਟਾਂ ’ਤੇ ਕੰਮ ਕਰਦੇ ਅਤੇ ਮਲਟੀਟਾਸਕ ਕਰਮੀਆਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ ਅਤੇ ਘੱਟੋ-ਘੱਟ ਤਨਖ਼ਾਹ 26,000 ਰੁਪਏ ਕੀਤੀ ਜਾਵੇ। ਰੈਲੀ ਨੂੰ ਵਿਸ਼ੇਸ਼ ਤੌਰ ’ਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ ਸੈਕਟਰੀ, ਜਗਮੋਹਨ ਸਿੰਘ ਨੋਲੱਖਾ, ਸਵਰਨ ਸਿੰਘ ਬੰਗਾ, ਕਮਲਜੀਤ ਸਿੰਘ, ਦੀਪ ਚੰਦ ਹੰਸ, ਅਸ਼ੋਕ ਕੁਮਾਰ ਬਿੱਟੂ, ਮੱਖਣ ਸਿੰਘ, ਲਖਵਿੰਦਰ ਸਿੰਘ, ਪ੍ਰਧਾਨ ਰਾਜੇਸ਼ ਕੁਮਾਰ ਗੋਲੂ ਰਾਜਿੰਦਰਾ ਹਸਪਤਾਲ ਪਟਿਆਲਾ, ਅਰੁਣ ਕੁਮਾਰ ਪ੍ਰਧਾਨ ਮੈਡੀਕਲ ਕਾਲਜ ਪਟਿਆਲਾ, ਮੀਤ ਪ੍ਰਧਾਨ ਗੀਤਾ, ਹੈਪੀ ਆਦਿ ਆਗੂਆਂ ਨੇ ਸੰਬੋਧਨ ਕੀਤਾ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ।