For the best experience, open
https://m.punjabitribuneonline.com
on your mobile browser.
Advertisement

ਵਿਦਿਆਰਥੀਆਂ ਵੱਲੋਂ ਰਣਬੀਰ ਕਾਲਜ ’ਚ ਰੋਸ ਰੈਲੀ

09:42 PM Jun 29, 2023 IST
ਵਿਦਿਆਰਥੀਆਂ ਵੱਲੋਂ ਰਣਬੀਰ ਕਾਲਜ ’ਚ ਰੋਸ ਰੈਲੀ
Advertisement

ਗੁਰਦੀਪ ਸਿੰਘ ਲਾਲੀ

Advertisement

ਸੰਗਰੂਰ, 24 ਜੂਨ

ਸਥਾਨਕ ਸਰਕਾਰੀ ਰਣਬੀਰ ਕਾਲਜ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਐੱਸਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ ਵਿਰੁੱਧ ਰੋਸ ਰੈਲੀ ਕੀਤੀ। ਇਸ ਦੌਰਾਨ ਕਾਲਜ ਪ੍ਰਿੰਸੀਪਲ ਨੂੰ ਮੰਗ ਪੱਤਰ ਸੌਂਪਿਆ ਗਿਆ। ਰੈਲੀ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ ਅਤੇ ਕਾਲਜ ਕਮੇਟੀ ਪ੍ਰਧਾਨ ਲਵਪ੍ਰੀਤ ਸਿੰਘ ਮਹਿਲਾ ਨੇ ਕਿਹਾ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਵੀ ਕੋਈ ਬਦਲਾਅ ਨਹੀਂ ਆਇਆ ਹੈ। ਸਰਕਾਰੀ ਕਾਲਜਾਂ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਭਾਰੀ ਫੀਸਾਂ ਬਟੋਰੀਆਂ ਜਾ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਕਿਸੇ ਤਰ੍ਹਾਂ ਦੀ ਨਾਨ-ਰੀਫੰਡਏਬਲ ਫੀਸ ਐੱਸਸੀ ਵਿਦਿਆਰਥੀਆਂ ਤੋਂ ਨਹੀਂ ਭਰਾਈ ਜਾ ਸਕਦੀ। ਬਹੁਤ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਦੇ ਸੰਘਰਸ਼ ਦੇ ਸਦਕਾ ਐਸਸੀ ਵਿਦਿਆਰਥੀਆਂ ਦੇ ਦਾਖਲੇ ਬਿਨਾਂ ਪੀਟੀਏ ਫੰਡ ਭਰਵਾਏ ਹੋਏ ਹਨ। ਇਸ ਸਬੰਧੀ ਕਈ ਜ਼ਿਲ੍ਹਾ ਭਲਾਈ ਅਫ਼ਸਰਾਂ ਨੇ ਕਾਲਜਾਂ ਨੂੰ ਨੋਟਿਸ ਜਾਰੀ ਕਰ ਕੇ ਹੁਕਮ ਦਿੱਤੇ ਕਿ ਪੀਟੀਏ ਫੰਡ ਨਾ ਵਸੂਲਿਆ ਜਾਵੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵੀ ਆਪਣੇ ਬਾਹਰਲੇ ਕੇਂਦਰਾਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਐੱਸਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਨਾ ਵਸੂਲਿਆ ਜਾਵੇ ਪਰ ਬਹੁਤ ਸਾਰੇ ਕਾਲਜਾਂ ਵਿੱਚ ਇਸ ਫੰਡ ਦੇ ਨਾਮ ‘ਤੇ ਕਰੋੜਾਂ ਰੁਪਏ ਵਿਦਿਆਰਥੀਆਂ ਤੋਂ ਇਕੱਤਰ ਕਰ ਲਏ ਜਾਂਦੇ ਹਨ। ਵਿਦਿਆਰਥੀ ਆਗੂ ਸੁਖਚੈਨ ਸਿੰਘ ਪੁੰਨਾਵਾਲ ਨੇ ਕਿਹਾ ਕਿ ਸਰਕਾਰਾਂ ਵੱਲੋ ਐੱਸਸੀ ਵਿਦਿਆਰਥੀਆਂ ਤੋਂ ਸਿੱਖਿਆ ਖੋਹਣ ਦੀਆਂ ਵਿਉਂਤਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੀਆਂ ਡਿਗਰੀਆਂ/ਨਤੀਜੇ ਰੋਕੇ ਜਾ ਰਹੇ ਹਨ। ਸਿੱਖਿਆ ਖੇਤਰ ਦਾ ਪੂਰੀ ਤਰ੍ਹਾਂ ਨਿੱਜੀਕਰਨ ਕੀਤਾ ਜਾ ਰਿਹਾ ਹੈ। ਕਾਲਜਾਂ ਯੂਨੀਵਰਸਿਟੀਆਂ ਨੂੰ ਗ੍ਰਾਂਟਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ, ਸਗੋਂ ਇਸ ਦੇ ਉਲਟ ਵਿਦਿਆਰਥੀਆਂ ‘ਤੇ ਫੀਸ ਫੰਡਾਂ ਦਾ ਬੋਝ ਨਿੱਤ ਦਿਨ ਵਧਾਇਆ ਜਾ ਰਿਹਾ ਹੈ। ਵਿਦਿਆਰਥੀਆਂ ਨੇ ਐਲਾਨ ਕੀਤਾ ਕਿ ਜੇਕਰ ਪੀਟੀਏ ਫੰਡ ਵਸੂਲਣਾ ਬੰਦ ਨਾ ਕੀਤਾ ਗਿਆ ਤਾਂ ਅਗਲਾ ਸੰਘਰਸ਼ ਘੜਿਆ ਜਾਵੇਗਾ। ਇਸ ਮੌਕੇ ਕਾਲਜ ਕਮੇਟੀ ਮੈਂਬਰ ਹਰਪ੍ਰੀਤ ਸਿੰਘ ਕਨੋਈ, ਮਨਪ੍ਰੀਤ ਕੌਰ, ਦਿਲਪ੍ਰੀਤ ਕੌਰ, ਨਵਜੋਤ ਕੌਰ, ਮਨਪ੍ਰੀਤ ਸਿੰਘ, ਸ਼ੈਟੀ ਕਾਲਬੰਜਾਰਾ ਆਦਿ ਵਿਦਿਆਰਥੀ ਹਾਜ਼ਰ ਸਨ।

Advertisement
Tags :
Advertisement
Advertisement
×