ਜਲ ਸਰੋਤ ਵਿਭਾਗ ਦੇ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਰੋਸ ਰੈਲੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਅਗਸਤ
ਪੰਜਾਬ ਸਰਕਾਰ ਵੱਲੋਂ ਜਲ ਸਰੋਤ ਵਿਭਾਗ ਦੇ ਪੁਨਰਗਠਨ ਦੇ ਨਾਂ ’ਤੇ ਤੀਜਾ ਅਤੇ ਦਰਜਾ ਚਾਰ ਮੁਲਾਜ਼ਮਾਂ ਦੀਆਂ ਹਜ਼ਾਰਾਂ ਅਸਾਮੀਆਂ ਖ਼ਤਮ ਕਰਨ ਦੇ ਖ਼ਿਲਾਫ਼ ‘ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ’ ਵਲੋਂ ਇੱਥੇ ਵਿਭਾਗ ਦੇ ਦਫ਼ਤਰ ਅੱਗੇ ਲਾਇਆ ਪੱਕਾ ਮੋਰਚਾ ਜਾਰੀ ਰਿਹਾ। ਅੱਜ ਛੇਵੇਂ ਦਿਨ ਤੇਜਾ ਸਿੰਘ ਤੇ ਮੇਜਰ ਸਿੰਘ ਚੌਵੀ ਘੰਟੇ ਦੀ ਭੁੱਖ ਹੜਤਾਲ਼ ’ਤੇ ਬੈਠੇ। ਇਸ ਮੌਕੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਸਰਕਾਰ ਤੋਂ ਇਹ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ। ਇਸ ਦੌਰਾਨ ਹੀ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਤੇ ਹੋਰ ਆਗੂਆਂ ਨੇ ਜਲ ਸਰੋਤ ਵਿਭਾਗ ਦੇ ਚੀਫ਼ ਇੰਜਨੀਅਰ (ਵਿਜੀਲੈਂਸ) ਅਤੇ ਪੁਨਰਗਠਨ ਕਮੇਟੀ ਦੇ ਮੁਖੀ ਅਸ਼ਵਨੀ ਕਾਂਸਲ ਦੇ ਨਾਲ ਮੁਲਾਕਾਤ ਕੀਤੀ। ਜਿਸ ਦੌਰਾਨ ਮਨਿਸਟੀਰੀਅਲ ਸਟਾਫ਼ (ਜਲ ਸਰੋਤ ਵਿਭਾਗ) ਦੇ ਸੂਬਾ ਪ੍ਰਧਾਨ ਖੁਸ਼ਵਿੰਦਰ ਕਪਿਲਾ ਅਤੇ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਚਿੱਤਰ ਸਿੰਘ ਵੀ ਮੌਜੂਦ ਸਨ। ਜਿਨ੍ਹਾਂ ਨੇ ਪੁਨਰਗਠਨ ਮਾਮਲੇ ’ਤੇ ਮੁੜ ਵਿਚਾਰ ਕਰਨ ਅਤੇ ਸਤੰਬਰ ਤੱਕ ਖਾਲੀ ਹੋਣ ਵਾਲੀਆਂ ਅਸਾਮੀਆਂ ’ਤੇ ਮੁਲਾਜ਼ਮਾਂ ਦੀ ਅਡਜਸਟਮੈਂਟ ਕਰਨ ਦਾ ਭਰੋਸਾ ਵੀ ਦਿੱਤਾ। ਸ੍ਰੀ ਲੁਬਾਣਾ ਦਾ ਕਹਿਣਾ ਸੀ ਕਿ ਅਜਿਹੀ ਅਡਜਸਟਮੈਂਟ ਤੱਕ ਪੱਕਾ ਮੋਰਚਾ ਜਾਰੀ ਰਹੇਗਾ।
ਵਿਭਾਗ ਦੇ ਪੁਨਰਗਠਨ ’ਤੇ ਮੁੜ ਵਿਚਾਰ ਦਾ ਭਰੋਸਾ
ਜਲ ਸਰੋਤ ਵਿਭਾਗ ਦਾ ਪੁਨਰ ਗਠਨ ਕਰਕੇ 8657 ਅਸਾਮੀਆਂ ਖ਼ਤਮ ਕਰਨ ਦੇ ਮਾਮਲੇ ਸਬੰਧੀ ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦਾ ਵਫ਼ਦ ਅੱਜ ਇੱਥੇ ਪੁਨਰਗਠਨ ਕਮੇਟੀ ਦੇ ਮੁਖੀ ਅਸ਼ਵਨੀ ਕਾਂਸਲ (ਚੀਫ਼ ਇੰਜੀਨੀਅਰ, ਵਿਜੀਲੈਂਸ) ਜਲ ਸਰੋਤ ਵਿਭਾਗ ਪੰਜਾਬ) ਨੂੰ ਮਿਲਿਆ। ਜਿਨ੍ਹਾਂ ਨੇ ਜਥੇਬੰਦੀ ਦੀਆਂ ਮੰਗਾਂ ’ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿਵਾਇਆ।