ਆਸ਼ਾ ਵਰਕਰਾਂ ਵੱਲੋਂ ਕੰਮ ਦਾ ਬਾਈਕਾਟ ਕਰ ਕੇ ਰੋਸ ਰੈਲੀ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 26 ਜੂਨ
ਆਸ਼ਾ ਵਰਕਰਜ਼ ਫੈਸਿਲੀਟੇਟਰਜ਼ ਸਾਂਝਾ ਮੋਰਚਾ ਨੇ 58 ਸਾਲ ਪੂਰੇ ਕਰ ਚੁੱਕੀਆਂ ਆਸ਼ਾ ਵਰਕਰਾਂ ਨੂੰ ਨੌਕਰੀ ਤੋਂ ਕੱਢਣ ਦੇ ਜਾਰੀ ਕੀਤੇ ਹੁਕਮਾਂ ਅਤੇ ਕੱਟੇ ਗਏ ਭੱਤਿਆਂ ਦੇ ਵਿਰੋਧ ਵਿਚ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ। 21 ਤੋਂ 28 ਜੂਨ ਤੱਕ ਕੰਮਾਂ ਦਾ ਬਾਈਕਾਟ ਕਰਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸੇ ਕੜੀ ’ਚ ਅੱਜ ਇੱਥੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਜ਼ਿਲ੍ਹਾ ਪ੍ਰਧਾਨ ਹਰਨਿੰਦਰ ਕੌਰ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਗਈ। ਰੈਲੀ ਦੌਰਾਨ ਬੋਲਦਿਆਂ ਜਥੇਬੰਦੀ ਦੀ ਸੂਬਾ ਚੇਅਰਪਰਸਨ ਸੁਖਵਿੰਦਰ ਕੌਰ ਨੇ ਕਿਹਾ ਕਿ ਆਸ਼ਾ ਵਰਕਰਾਂ ਤੋਂ ਸਾਰਾ ਦਿਨ ਕੰਮ ਲਿਆ ਜਾਂਦਾ ਹੈ ਪਰ ਕੰਮ ਦੇ ਹਿਸਾਬ ਨਾਲ ਉਨ੍ਹਾਂ ਨੂੰ ਮਾਣ ਭੱਤਾ ਘੱਟ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਹਤ ਮੰਤਰੀ ਵਲੋਂ ਆਸ਼ਾ ਵਰਕਰਾਂ ਨੂੰ ਫ਼ਾਰਗ ਨਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਚੋਣ ਜ਼ਾਬਤਾ ਖਤਮ ਹੁੰਦਿਆਂ ਹੀ ਵਿਭਾਗ ਵਲੋਂ ਮੁੜ 58 ਸਾਲ ਵਾਲੀਆਂ ਆਸ਼ਾ ਵਰਕਰਾਂ ਨੂੰ ਕੱਢਣ ਦੇ ਪੱਤਰ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਆਗੂਆਂ ਨੇ ਦੱਸਿਆ ਕਿ ਇਸ ਪੱਤਰ ਨੂੰ ਰੱਦ ਕਰਵਾਉਣ ਲਈ ਸੰਘਰਸ਼ ਵਿੱਢ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 29 ਜੂਨ ਨੂੰ ਜ਼ਿਮਨੀ ਚੋਣ ਮੌਕੇ ਜਲੰਧਰ ਪੱਛਮੀ ਹਲਕੇ ਵਿਚ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ ਅਤੇ ਮੁੱਖ ਮੰਤਰੀ ਦੀ ਆਰਜ਼ੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਰੈਲੀ ਨੂੰ ਜਸਪ੍ਰੀਤ ਕੌਰ, ਮਨਦੀਪ ਕੌਰ, ਨਸੀਬ ਕੌਰ, ਰਾਜ ਕੁਮਾਰੀ, ਮਨਜੀਤ ਕੌਰ, ਸੁਸ਼ਮਾ ਦੇਵੀ, ਰੂਬੀ ਬਾਲਾ, ਰਜਨੀ ਸ਼ਰਮਾ, ਪ੍ਰਵੀਨ ਰਾਜ ਆਦਿ ਮੌਜੂਦ ਸਨ।