ਖੱਬੇ ਪੱਖੀ ਜਥੇਬੰਦੀਆਂ ਵੱਲੋਂ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਰੈਲੀ
ਨਿੱਜੀ ਪੱਤਰ ਪ੍ਰੇਰਕ
ਪਟਿਆਲਾ 9 ਅਗਸਤ
ਅੱਜ ਇੱਥੇ ਭਾਰਤ ਛੱਡੋ ਅੰਦੋਲਨ ਨੂੰ ਸਮਰਪਿਤ, ਮੁਲਾਜ਼ਮਾਂ, ਮਜ਼ਦੂਰਾਂ, ਮਿਹਨਤਕਸ਼ ਲੋਕਾਂ ਅਤੇ ਬੇਰੁਜ਼ਗਾਰ ਗ਼ਰੀਬਾਂ ਦੀਆਂ ਮੰਗਾਂ ਸਬੰਧੀ 10 ਖੱਬੇ ਪੱਖੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਵਿਸ਼ਾਲ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਆਗੂ ਨਿਰਮਲ ਸਿੰਘ ਧਾਲੀਵਾਲ, ਹਰੀ ਸਿੰਘ ਦੌਣ ਕਲਾਂ, ਦਰਸ਼ਨ ਸਿੰਘ ਲੁਬਾਣਾ ਅਤੇ ਉੱਤਮ ਸਿੰਘ ਬਾਗੜੀ ਨੇ ਕਿਹਾ ਕਿ ਮੋਦੀ ਸਰਕਾਰ ਪੂੰਜਪਤੀ ਘਰਾਣਿਆਂ ਦੀ ਕਠਪੁਤਲੀ ਬਣ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਮਾਜਿਕ ਖੇਤਰਾਂ, ਕੁਦਰਤੀ ਸੋਮਿਆਂ ਅਤੇ ਕੌਮੀ ਜਾਇਦਾਦਾਂ ਨੂੰ ਕੌਡੀਆਂ ਦੇ ਭਾਅ ਵੇਚ ਕੇ ਦੇਸੀ ਅਤੇ ਵਿਦੇਸ਼ੀ ਪੁੂੰਜੀਪਤੀਆਂ ਦੇ ਕਾਰੋਬਾਰ ’ਚ ਵਾਧਾ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਬੇਰੁਜ਼ਗਾਰ ਨੌਜਵਾਨ ਵੱਡੀ ਗਿਣਤੀ ਵਿੱਚ ਵਿਦੇਸ਼ਾਂ ਵੱਲ ਨੂੰ ਘਰ ਦਾ ਸਭ ਕੁੱਝ ਵੇਚ ਵੱਟ ਕੇ ਰੁਜ਼ਗਾਰ ਦੀ ਭਾਲ ਵਿੱਚ ਕੂਚ ਕਰ ਰਹੇ ਹਨ। ਦੂਜੇ ਪਾਸੇ ਇੱਥੇ ਘੱਟ ਗਿਣਤੀਆਂ ’ਤੇ ਹਮਲੇ ਕੀਤੇ ਜਾ ਰਹੇ ਹਨ। ਇਸ ਮੌਕੇ ਰਮੇਸ਼ ਕੁਮਾਰ, ਅਮਰਜੀਤ ਘਨੌਰ, ਸੁਨੀਤਾ ਰਾਣੀ, ਹਰਭਜਨ ਸਿੰਘ ਪਿਲਖਣੀ, ਕਰਮਚੰਦ ਗਾਂਧੀ, ਬਲਜੀਤ ਕੁਮਾਰ, ਸੰਤੋਖ ਸਿੰਘ ਬੋਪਾਰਾਏ, ਗੁਰਵਿੰਦਰ ਸਿੰਘ ਗੋਲਡੀ, ਜਗਮੋਹਨ ਨੋਲੱਖਾ, ਮਾਧੋ ਲਾਲ, ਰਾਮ ਕਿਸ਼ਨ ਅਤੇ ਸੁਖਦੇਵ ਰਾਮ ਸੁੱਖੀ ਨੇ ਸੰਬੋਧਨ ਕੀਤਾ।