ਕਚਹਿਰੀਆਂ ਵਿੱਚ ਮਾਈਕਰੋ ਫਾਇਨਾਂਸ ਕੰਪਨੀਆਂ ਖ਼ਿਲਾਫ਼ ਰੋਸ ਰੈਲੀ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 31 ਜਨਵਰੀ
ਸੀਪੀਆਈ ਨੇ ਸਥਾਨਕ ਜ਼ਿਲ੍ਹਾ ਕਚਹਿਰੀ ਵਿੱਚ ਡੀਸੀ ਦਫ਼ਤਰ ਅੱਗੇ ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਗਰੀਬ ਤੇ ਦਲਿਤ ਪਰਿਵਾਰਾਂ ਨੂੰ ਕਥਿਤ ਕਰਜ਼ਿਆਂ ਦੇ ਜਾਲ ਵਿੱਚ ਫਸਾਉਣ ਦੇ ਵਿਰੋਧ ਵਿੱਚ ਇਕ ਰੈਲੀ ਕਰਕੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਕਿ ਇਨ੍ਹਾਂ ਗਰੀਬ ਤੇ ਦਲਿਤ ਕਰਜ਼ਧਾਰਕਾਂ ਦਾ ਸਾਰਾ ਕਰਜ਼ਾਂ ਮੁਆਫ ਕੀਤਾ ਜਾਵੇ। ਇਸ ਦੇ ਨਾਲ ਹੀ ਜਥੇਬੰਦੀ ਨੇ ਕਰਜ਼ਾ ਦੇਣ ਵਾਲੀਆਂ ਨਿੱਜੀ ਕੰਪਨੀਆਂ ਖ਼ਿਲਾਫ਼ ਜਾਂਚ ਵੀ ਮੰਗੀ। ਰੈਲੀ ਨੂੰ ਸੀਪੀਆਈ ਪੰਜਾਬ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ, ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ, ਪੰਜਾਬ ਏਟਕ ਦੇ ਡਿਪਟੀ ਜਨਰਲ ਸਕੱਤਰ ਅਮਰਜੀਤ ਸਿੰਘ ਆਸਲ, ਘਰੇਲੂ ਮਜ਼ਦੂਰਾਂ ਦੀ ਫਡਰੈਸ਼ਨ ਦੀ ਕੁੱਲ ਹਿੰਦ ਪ੍ਰਧਾਨ ਦਸਵਿੰਦਰ ਕੌਰ, ਕਾ. ਵਿਜੇ ਕਪੂਰ , ਰਸ਼ਪਾਲ ਕੈਲੇ ਜਲੰਧਰ, ਕਾ. ਅਸ਼ੋਕ ਫਰੀਦਕੋਟ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਇਹ ਨਿੱਜੀ ਮਾਈਕਰੋ ਫਾਇਨਾਂਸ ਕੰਪਨੀਆਂ ਗਰੀਬਾਂ ਅਤੇ ਦਲਿਤ ਪਰਿਵਾਰਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀਆਂ ਹਨ। ਇਨ੍ਹਾਂ ਵੱਲੋਂ ਗਰੀਬਾਂ ਨੂੰ ਆਪਣੇ ਕਰਜ਼ੇ ਦੇ ਜਾਲ ਵਿੱਚ ਫਸਾ ਕੇ ਉਨ੍ਹਾਂ ਕੋਲੋਂ ਅਣਅਧਿਕਾਰਤ/ਗੈਰ ਕਾਨੂੰਨੀ ਭਾਰੀ ਵਸੂਲੀਆਂ ਕੀਤੀਆਂ ਜਾ ਰਹੀਆਂ ਹਨ। ਕਰਜ਼ਾ ਦੇਣ ਸਮੇਂ ਹੀ ਕਰਜ਼ੇ ਦੀ ਰਕਮ ਦਾ ਕਾਫੀ ਹਿੱਸਾ ਵਿਚੋਲਿਆਂ ਨੂੰ ਦਿੱਤਾ ਜਾਂਦਾ ਹੈ ਪਰ ਕਰਜ਼ੇ ਦਾ ਸਾਰਾ ਬੋਝ ਕਰਜ਼ਧਾਰੀ ਉਪਰ ਹੀ ਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇੱਕ-ਇੱਕ ਵਿਅਕਤੀ ਨੂੰ 20,000 ਰੁਪਏ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਦੇ ਕਈ ਕਰਜ਼ੇ ਦਿੱਤੇ ਗਏ ਹਨ। ਗਰੀਬ ਲੋਕ ਵਿਆਜ ਦੇ ਪੈਸੇ ਦੇਣ ਲਈ ਵੀ ਮੁੜ ਕਰਜ਼ੇ ਲੈ ਰਹੇ ਹਨ, ਜਿਸ ਕਾਰਨ ਕਰਜ਼ਧਾਰੀਆਂ ਨੂੰ ਘਰਾਂ ਦੇ ਖਰਚੇ ਚਲਾਉਣੇ ਮੁਸ਼ਕਿਲ ਹੋ ਰਹੇ ਹਨ। ਰੈਲੀ ਤੋਂ ਬਾਅਦ 26000 ਤੋਂ ਵਧੇਰੇ ਕਰਜ਼ਧਾਰੀਆਂ ਦੇ ਦਸਤਖਤਾਂ ਵਾਲੀਆਂ ਦਰਖਾਸਤਾਂ ਡਿਪਟੀ ਕਮਿਸ਼ਨਰ ਦੇ ਰਾਹੀਂ ਮੁੱਖ ਮੰਤਰੀ ਦੇ ਨਾਮ ਭੇਜੀਆਂ ਹਨ, ਜਿਸ ਰਾਹੀਂ ਮੰਗ ਕੀਤੀ ਗਈ ਕਿ ਇਨ੍ਹਾਂ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ।
ਇਸ ਦੌਰਾਨ ਇੱਕ ਵੱਖਰਾ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਹੈ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਉਕਤ ਕੰਪਨੀਆਂ ਦੀ ਆਰ.ਬੀ.ਆਈ. ਵੱਲੋਂ ਮਾਨਤਾ ਪ੍ਰਾਪਤੀ ਦੀ ਜਾਂਚ, ਵਿਆਜ ਦਰ ਦੀ ਜਾਂਚ ਤੋਂ ਇਲਾਵਾ ਕਰਜ਼ੇ ਦੀਆਂ ਕਿਸ਼ਤਾਂ ਦੀ ਉਗਰਾਹੀ ਲਈ ਕੰਪਨੀਆਂ ਦੇ ਕਰਿੰਦਿਆਂ ਦੇ ਰੂਪ ਵਿੱਚ ਗੁੰਡਿਆਂ ਨੂੰ ਘਰਾਂ ਵਿੱਚ ਜਾਣ ਦੀ ਪੂਰਨ ਮਨਾਹੀ ਕੀਤੀ ਜਾਵੇ। ਇਸ ਮੌਕੇ ਰੈਲੀ ਵਿਚ ਹਰਜਿੰਦਰ ਸਿੰਘ ਮੋਜੀ, ਪ੍ਰੇਮ ਸਿੰਘ, ਸਤਨਾਮ ਸਿੰਘ, ਸ਼ਮਸੇਰ ਨਾਥ, ਜਸਬੀਰ ਸਿੰਘ, ਕੁਲਵੰਤ ਸਿੰਘ ਬਾਵਾ, ਹਰੀਸ਼ ਕੈਲੇ, ਰਾਜੇਸ਼ ਕੁਮਾਰ, ਬ੍ਰਹਮ ਦੇਵ ਸ਼ਰਮਾ ਆਦਿ ਹਾਜ਼ਰ ਸਨ।